ਜਸਟਿਸ ਦੀਪਕ ਮਨਚੰਦਾ ਵੱਲੋਂ ਗਿੱਦੜਬਾਹਾ ਸਿਵਲ ਅਦਾਲਤ ਦਾ ਦੌਰਾ
ਹਾਈਕੋਰਟ ਦੇ ਜੱਜ ਜਸਟਿਸ ਦੀਪਕ ਮਨਚੰਦਾ ਵੱਲੋਂ ਗਿੱਦੜਬਾਹਾ ਸਿਵਲ ਅਦਾਲਤ ਦਾ ਦੌਰਾ
Publish Date: Wed, 25 Mar 2026 06:56 PM (IST)
Updated Date: Wed, 25 Mar 2026 06:59 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ
ਗਿੱਦੜਬਾਹਾ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਜਸਟਿਸ ਦੀਪਕ ਮਨਚੰਦਾ ਵੱਲੋਂ ਗਿੱਦੜਬਾਹਾ ਦੀ ਸਿਵਲ ਅਦਾਲਤ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਅਦਾਲਤ ਦੇ ਕੰਮਕਾਜ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਨਿਆਂਇਕ ਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਮਾਨਯੋਗ ਜਿਲਾ ਸੈਸ਼ਨ ਜੱਜ ਸ਼੍ਰੀ ਮੁਕਤਸਰ ਸਾਹਿਬ ਰਾਜ ਕੁਮਾਰ, ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜਨ ਮਾਨਯੋਗ ਤਰਨਜੀਤ ਸਿੰਘ ਸਿਮਰਾ, ਸਿਵਲ ਜੱਜ ਗੌਰਵ ਮਿੱਤਲ, ਸਿਵਲ ਜੱਜ ਕਿਰਨਦੀਪ ਕੌਰ ਵੀ ਮੌਜੂਦ ਸਨ। ਆਪਣੇ ਦੌਰੇ ਦੌਰਾਨ ਮਾਨਯੋਗ ਜੱਜ ਸਾਹਿਬ ਨੇ ਅਦਾਲਤੀ ਰਿਕਾਰਡ, ਕੇਸਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਅਤੇ ਅਦਾਲਤੀ ਕੰਪਲੈਕਸ ਦੇ ਪ੍ਰਬੰਧਾਂ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਅਦਾਲਤ ਵਿੱਚ ਵਿਚਾਰ ਅਧੀਨ ਮਾਮਲਿਆਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਬਕਾਇਆ ਪਏ ਕੇਸਾਂ ਨੂੰ ਜਲਦੀ ਨਿਪਟਾਉਣ ’ਤੇ ਜ਼ੋਰ ਦਿੱਤਾ ਤਾਂ ਜੋ ਆਮ ਲੋਕਾਂ ਨੂੰ ਸਮੇਂ ਸਿਰ ਇਨਸਾਫ਼ ਮਿਲ ਸਕੇ। ਜਸਟਿਸ ਦੀਪਕ ਮਨਚੰਦਾ ਨੇ ਅਦਾਲਤੀ ਸਟਾਫ਼ ਅਤੇ ਮੌਜੂਦ ਵਕੀਲਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਅਦਾਲਤੀ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਉਣ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ ਦੀ ਲੋੜ ’ਤੇ ਵੀ ਚਰਚਾ ਕੀਤੀ। ਇਸ ਮੌਕੇ ਸਿਵਲ ਅਦਾਲਤ ਦੇ ਜੱਜ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਦਾ ਮੁੱਖ ਉਦੇਸ਼ ਹਰ ਨਾਗਰਿਕ ਤੱਕ ਨਿਆਂ ਦੀ ਪਹੁੰਚ ਨੂੰ ਆਸਾਨ ਬਣਾਉਣਾ ਹੈ। ਅਦਾਲਤੀ ਕੰਪਲੈਕਸ ਵਿੱਚ ਸਹੂਲਤਾਂ ਅਤੇ ਕੰਮ ਕਰਨ ਦੇ ਮਾਹੌਲ ਨੂੰ ਦੇਖਦੇ ਹੋਏ ਉਨ੍ਹਾਂ ਨੇ ਕੁਝ ਅਹਿਮ ਸੁਝਾਅ ਵੀ ਸਾਂਝੇ ਕੀਤੇ। ਇਸ ਮੌਕੇ ਬਾਰ ਐਸੋਸੀਏਸ਼ਨ ਗਿੱਦੜਬਾਹਾ ਦੇ ਪ੍ਰਧਾਨ ਐਡਵੋਕੇਟ ਸਤਬੀਰ ਸਿੰਘ ਔਲਖ, ਸਾਬਕਾ ਪ੍ਰਧਾਨ ਐਡਵੋਕੇਟ ਕੁਲਜਿੰਦਰ,ਸਿੰਘ ਸੰਧੂ, ਐਡਵੋਕੇਟ ਗੁਰਮੀਤ ਸਿੰਘ ਮਾਨ,ਗੁਰਪਿੰਕਸ ਮਾਨ, ਸਕੱਤਰ ਕੰਵਰ ਹੰਸਪਾਲ, ਸੁਰੇਸ਼ ਕੁਮਾਰ ਤੇ ਹੋਰ ਬਹੁਤ ਸਾਰੇ ਵਕੀਲ ਹਾਜਰ ਸਨ।