ਨਸ਼ੇ ਤੋਂ ਪੀੜ੍ਹਤ ਵਿਅਕਤੀ ’ਚ ਹੈਪੇਟਾਇਟਿਸ ਹੋਂਣ ਦਾ ਉੱਚ ਜੋਖਮ : ਡਾ. ਬਾਂਸਲ
ਓਟ ਕੇਂਦਰ ’ਚ ਹੈਪੇਟਾਇਟਿਸ ਦੀ ਜਾਂਚ ਸਬੰਧੀ ਲਗਾਇਆ ਕੈਂਪ
Publish Date: Sat, 28 Feb 2026 05:52 PM (IST)
Updated Date: Sat, 28 Feb 2026 05:52 PM (IST)

ਦਵਿੰਦਰ ਬਾਘਲਾ. ਪੰਜਾਬੀ ਜਾਗਰਣ ਦੋਦਾ : ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ. ਸੁਨੀਲ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਓਟ ਕੇਂਦਰ ਵਿਖੇ ਦਵਾਈ ਲੈਣ ਵਾਲੇ ਮਰੀਜਾਂ ਦੀ ਸਿਹਤ ਸੰਭਾਲ ਨੂੰ ਧਿਆਨ ’ਚ ਰੱਖਦਿਆਂ ਐੱਚਆਈਵੀ, ਹੈਪੇਟਾਇਟਿਸ ਬੀ ਤੇ ਹੈਪੇਟਾਇਟਿਸ ਸੀ ਦੀ ਸਕਰੀਨਿੰਗ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਨਸ਼ਾ ਛੱਡਣ ਦਾ ਇਲਾਜ ਲੈ ਰਹੇ ਮਰੀਜ਼ਾਂ ’ਚ ਹੈਪੇਟਾਇਟਿਸ ਵਰਗੀਆਂ ਗੰਭੀਰ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਦਾ ਇਲਾਜ ਯਕੀਨੀ ਬਣਾਉਣਾ ਸੀ। ਸਿਵਲ ਸਰਜਨ ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਓਟ ਕੇਂਦਰ ’ਚ ਦਵਾਈ ਲੈ ਰਹੇ ਮਰੀਜ਼ਾਂ ਦੇ ਖੂਨ ਦੇ ਨਮੂਨੇ ਲੈ ਕੇ ਐੱਚਆਈਵੀ, ਹੈਪੇਟਾਇਟਿਸ ਬੀ ਤੇ ਸੀ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਆਦਤ ਵਾਲੇ ਵਿਅਕਤੀਆਂ ’ਚ ਸੂਈਆਂ ਦੀ ਸਾਂਝੀ ਵਰਤੋਂ ਕਾਰਨ ਐਚਆਈਵੀ, ਹੈਪੇਟਾਇਟਿਸ ਬੀ ਤੇ ਸੀ ਦਾ ਖਤਰਾ ਵੱਧ ਹੁੰਦਾ ਹੈ, ਇਸ ਲਈ ਸਮੇਂ-ਸਮੇਂ ਤੇ ਸਕਰੀਨਿੰਗ ਕਰਨਾ ਬਹੁਤ ਜਰੂਰੀ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਰੋਬਿਨ ਨੇ ਦੱਸਿਆ ਕਿ ਮਰੀਜ਼ਾਂ ਨੂੰ ਹੈਪੇਟਾਇਟਿਸ ਬੀ ਤੋਂ ਬਚਾਅ ਲਈ ਟੀਕਾਕਰਨ ਤੇ ਹੈਪੇਟਾਇਟਿਸ ਸੀ ਦੇ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੁਰੱਖਿਅਤ ਤਰੀਕਿਆਂ ਦੀ ਪਾਲਣਾ ਕਰਨ ਤੇ ਨਿਯਮਿਤ ਸਿਹਤ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਹੈਪਾਟਾਈਟਸ ਏ ਤੇ ਈ ਦੂਸ਼ਿਤ ਪਾਣੀ ਪੀਣ ਤੇ ਗਲੇ ਸੜੇ ਫਲ ਖਾਣ ਨਾਲ, ਮੱਖੀਆਂ ਦੁਆਰਾ ਤੇ ਬਿਨ੍ਹਾਂ ਹੱਥ ਧੋਏ ਖਾਣਾ ਖਾਣ ਨਾਲ ਫੈਲਦੀ ਹੈ। ਹੈਪਾਟਾਈਟਸ ਬੀ ਤੇ ਸੀ ਬਿਮਾਰੀ ਦੂਸਿਤ ਸਰਿੰਜਾਂ, ਅਸੁਰੱਖਿਅਤ ਯੌਨ ਸਬੰਧ, ਪੀੜ੍ਹਤ ਮਰੀਜ਼ ਦਾ ਖੂਨ ਤੰਦਰੁਸਤ ਮਰੀਜ਼ ਦੇ ਲਗਾਉਣ ਨਾਲ, ਗਰਭਵਤੀ ਔਰਤ ਤੋਂ ਨਵਜੰਮੇ ਬੱਚੇ ਨੂੰ ਹੁੰਦੀ ਹੈ। ਨਸ਼ਾ ਕਰਨ ਵਾਲਿਆਂ ’ਚ ਇਹ ਬਿਮਾਰੀ ਬਹੁਤ ਜਿਆਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੈਪਾਟਾਈਟਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਬਿਮਾਰੀ ਬਹੁਤ ਜਾਨਲੇਵਾ ਤੇ ਖਤਰਨਾਕ ਹੋ ਸਕਦੀ ਹੈ। ਹੈਪਾਟਾਈਟਸ ਏ ਤੇ ਈ ਤੋਂ ਬਚਣ ਲਈ ਸਾਫ਼ ਸੁਥਰਾ ਪਾਣੀ ਤੇ ਖਾਣ ਪੀਣ ਦੀਆਂ ਸਾਫ਼ ਸੁਥਰੀਆਂ ਵਸਤਾਂ ਦੀ ਵਰਤੋਂ ਸਾਫ਼ ਹੱਥਾਂ ਨਾਲ ਕਰਨੀ ਚਾਹੀਦੀ ਹੈ। ਹੈਪਾਟਾਈਟਸ ਬੀ ਤੇ ਸੀ ਤੋਂ ਬਚਣ ਲਈ ਸਾਂਝੇ ਦੰਦਾਂ ਦੇ ਬੁਰਸ਼, ਸ਼ੇਵਿੰਗ ਬਲੇਡ, ਟੈਟੂ ਬਨਵਾਉਣ, ਸਾਝੀਆਂ ਟੀਕਿਆਂ ਦੀਆਂ ਸੁਈਆਂ ਵਰਤਣ, ਅਸੁਰੱਖਿਅਤ ਜਿਣਸੀ ਸਬੰਧਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਖੂਨ ਦੀ ਜਰੂਰਤ ਹੈ ਤਾਂ ਸਿਰਫ਼ ਮਨਜੂਰਸੁਦਾ ਬਲੱਡ ਬੈਂਕ ਤੋਂ ਲੈ ਕੇ ਹੀ ਲਗਾਉਣਾ ਚਾਹੀਦਾ ਹੈ। ਨਸ਼ਾ ਵਰਤਣ ਵਾਲੇ, ਥੇਲੇਸੀਮੀਆ ਦੇ ਮਰੀਜ਼, ਡਾਇਲਸਿਸ ਕਰਵਾਉਣ ਵਾਲੇ ਮਰੀਜ਼ ਹਰੇਕ ਸਾਲ ਆਪਣਾ ਹੈਪਾਟਾਈਟਸ ਦਾ ਟੈਸਟ ਜਰੂਰ ਕਰਵਾਉਣ। ਜੇ ਕਿਸੇ ਵੀ ਵਿਅਕਤੀ ਨੂੰ ਆਪਣੇ ’ਚ ਹੈਪਾਟਾਈਟਸ ਦੇ ਕੋਈ ਲੱਛਣ ਆਉਂਦੇ ਹਨ ਤਾਂ ਆਪਣਾ ਟੈਸਟ ਜਰੂਰ ਕਰਵਾਉਣ। ਇਸ ਮੌਕੇ ਸੁਖਵਿੰਦਰ ਸਿੰਘ ਸਿਹਤ ਸੁਪਰਵਾਈਸਰ ਤੇ ਸਿਵਲ ਹਸਪਤਾਲ ਤੋਂ ਸੁਖਵਿੰਦਰ ਸਿੰਘ ਤੇ ਪੂਜਾ ਓਰਜੀ ਹਾਜ਼ਰ ਸਨ।