ਮੁਕਤਸਰ ’ਚ ਗੜੇਮਾਰੀ ਕਾਰਨ 35,000 ਏਕੜ ਫਸਲ ਨੁਕਸਾਨੀ
ਜ਼ਿਲ੍ਹੇ ਅੰਦਰ ਬਾਰਿਸ਼ ਨਾਲ 35,000 ਏਕੜ ਦੇ ਕਰੀਬ ਫਸਲ ਨੂੰ ਹੋਇਆ ਭਾਰੀ ਨੁਕਸਾਨ
Publish Date: Sat, 04 Apr 2026 06:51 PM (IST)
Updated Date: Sat, 04 Apr 2026 06:55 PM (IST)
ਭੰਵਰਾ\ਜਟਾਣਾ, ਪੰਜਾਬੀ ਜਾਗਰਣ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਤੇਜ਼ ਬਾਰਿਸ਼ ਨੇ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਹੁਣ ਵੀ ਲਗਾਤਾਰ ਮੌਸਮ ਬਦਲ ਰਿਹਾ ਹੈ ਅਤੇ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਖੇਤੀਬਾੜੀ ਵਿਭਾਗ ਦੇ ਮੁਤਾਬਕ ਜ਼ਿਲ੍ਹੇ ਅੰਦਰ ਕਰੀਬ 35000 ਏਕੜ ’ਚ ਕਣਕ ਅਤੇ ਹੋਰ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸਦੇ ਚਲਦਿਆਂ ਕਿਸਾਨ ਭਾਰੀ ਪਰੇਸ਼ਾਨੀ ’ਚੋਂ ਲੰਘ ਰਹੇ ਹਨ। ‘ਪੰਜਾਬੀ ਜਾਗਰਣ’ ਟੀਮ ਵੱਲੋਂ ਜ਼ਿਲ੍ਹੇ ਭਰ ਦੇ ਵੱਖ-ਵੱਖ ਪਿੰਡਾਂ ’ਚ ਪਹੁੰਚ ਕੇ ਪ੍ਰਭਾਵਿਤ ਫਸਲਾਂ ਦਾ ਜਾਇਜ਼ਾ ਲਿਆ ਗਿਆ ਜਿਸ ਦੌਰਾਨ ਕਿਸਾਨਾਂ ਦੀ ਕਣਕ ਦੀ ਫਸਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਦੇਖਣ ਨੂੰ ਮਿਲੀ। ਲੰਬੀ ਦੇ ਪਿੰਡ ਆਲਮਵਾਲਾ, ਬੋਦੀਵਾਲਾ, ਰਾਣੀਵਾਲਾ, ਅਸਪਾਲ, ਸਰਾਵਾਂ ਬੋਦਲਾ, ਕੱਟਿਆਂਵਾਲੀ, ਕਬਰਵਾਲਾ ਤੇ ਗਿੱਦੜਬਾਹਾ ਦੇ ਪਿੰਡ ਥੇੜ੍ਹੀ, ਫਕਰਸਰ,ਚੋਟੀਆਂ, ਦੌਲਾ, ਕੋਟਭਾਈ, ਕੋਟਲੀ, ਮੱਲ੍ਹਣ, ਗੂੜੀ ਸੰਗਰ, ਬੁੱਟਰ ਸ਼ਰੀਂਹ, ਭਲਾਈਆਣਾ ਅਤੇ ਮਲੋਟ ਦੇ ਪਿੰਡ ਲੱਖੇਵਾਲੀ, ਲੱਕੜਵਾਲਾ, ਸ਼ੇਰੇਆਲਾ, ਨੰਦਗੜ੍ਹ, ਗੰਧੜ੍ਹ, ਭੁਲੇਰੀਆਂ ਅਤੇ ਭਾਗਸਰ ਵਿਖੇ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਖੇਤੀਬਾੜੀ ਵਿਭਾਗ ਦੇ ਮੁਤਾਬਿਕ ਜ਼ਿਲ੍ਹੇ ਅੰਦਰ ਪ੍ਰਭਾਵਿਤ ਫਸਲ ਦੀ ਗਿਰਦਾਵਰੀ ਮਾਲ ਵਿਭਾਗ ਵੱਲੋਂ ਚੱਲ ਰਹੀ ਹੈ।
ਕਿਸਾਨ ਭਰਪੂਰ ਸਿੰਘ ਖਾਲਸਾ ਵਾਸੀ ਰਾਣੀਵਾਲਾ ਨੇ ਦੱਸਿਆ ਕਿ ਉਸਦੇ 10 ਏਕੜ ’ਚ ਕਣਕ ਦੀ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ। ਜਿਸ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਬਲਜੀਤ ਸਿੰਘ ਬਰਾੜ ਵਾਸੀ ਬੋਦੀਵਾਲਾ ਨੇ ਦੱਸਿਆ ਕਿ ਉਸਦੀ 15 ਏਕੜ ’ਚ ਕਣਕ ਦੀ ਫਸਲ ਗੜੇਮਾਰੀ ਦੇ ਕਾਰਨ ਨੁਕਸਾਨੀ ਗਈ ਹੈ। ਕਣਕ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਕੇ ਰਹਿ ਗਈ ਹੈ। ਪਿੰਡ ਗੰਧੜ ਵਾਸੀ ਗੁਰਬਾਜ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਗੜੇਮਾਰੀ ਦੇ ਕਾਰਨ ਉਨ੍ਹਾਂ ਦੀ ਕਣਕ ਦੀ ਫਸਲ ਨੂੰ ਬਹੁਤ ਜਿਆਦਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਖਰਾਬ ਫਸਲ ਦਾ ਮੁਆਵਜ਼ਾ ਜਲਦ ਜਾਰੀ ਕੀਤਾ ਜਾਵੇ।
ਮੌਸਮ ਵਿਭਾਗ ਦਾ ਬਾਰਿਸ਼ ਦਾ ਅਲਰਟ
ਮੌਸਮ ਵਿਭਾਗ ਦੇ ਮੁਤਾਬਿਕ ਸੋਮਵਾਰ ਅਤੇ ਮੰਗਲਵਾਰ ਨੂੰ ਬਾਰਿਸ਼ ਦਾ ਅਲਰਟ ਦਿੱਤਾ ਗਿਆ ਹੈ। ਜੇਕਰ ਬਾਰਿਸ਼ ਤੇਜ਼ ਹੁੰਦੀ ਹੈ ਤਾਂ ਕਣਕ ਸਮੇਤ ਕਪਾਹ ਅਤੇ ਸਬਜ਼ੀਆਂ ਦੀ ਫਸਲ ਨੂੰ ਹੋਰ ਜਿਆਦਾ ਨੁਕਸਾਨ ਪਹੁੰਚਣ ਦੀ ਅਸ਼ੰਕਾ ਹੈ। ਲਗਾਤਾਰ ਖਰਾਬ ਹੋ ਰਹੇ ਮੌਸਮ ਨੂੰ ਦੇਖਦੇ ਆ ਕਿਸਾਨ ਕਾਫੀ ਚਿੰਤਤ ਦਿਖਾਈ ਦੇ ਰਹੇ ਹਨ। ਓਧਰ ਜਦ ਇਸ ਸਬੰਧੀ ਖੇਤੀਬਾੜੀ ਅਧਿਕਾਰੀ ਜਗਸੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।