ਮੈਡੀਕਲ ਚੈੱਕਅਪ ਕੈਂਪ ਦਾ 1000 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਭ
ਮੈਗਾ ਮੈਡੀਕਲ ਚੈਕਅੱਪ ਕੈਂਪ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤੀ ਸ਼ਮੂਲੀਅਤ
Publish Date: Wed, 14 Jan 2026 08:28 PM (IST)
Updated Date: Wed, 14 Jan 2026 08:30 PM (IST)
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤੀ ਸ਼ਮੂਲੀਅਤ, 200 ਤੋਂ ਵੱਧ ਲੋਕਾਂ ਨੇ ਕੀਤਾ ਖ਼ੂਨਦਾਨ
ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਸਿਹਤ ਵਿਭਾਗ ਵੱਲੋਂ ਮੇਲਾ ਮਾਘੀ ਦੌਰਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੀਆਂ ਸੰਗਤਾਂ ਨੂੰ ਸਿਹਤ ਸੇਵਾਵਾਂ ਦੇਣ ਲਈ 12 ਜਨਵਰੀ ਤੋਂ 14 ਜਨਵਰੀ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਭਾਈ ਮਸਤਾਨ ਸਿੰਘ ਪੱਤੀ ਤੰਬੂ ਸਾਹਿਬ ਵਿਖੇ ਮੈਗਾ ਮੈਡੀਕਲ ਚੈਕਅੱਪ ਕੈਂਪ ਤੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੇ ਤੀਜੇ ਦਿਨ ਡਾ. ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਡਾਕਟਰਾਂ ਤੇ ਸਟਾਫ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ ਤੇ ਸਾਨੂੰ ਹਮੇਸ਼ਾ ਇਹ ਸੇਵਾ ਅੱਗੇ ਹੋ ਕੇ ਕਰਨੀ ਚਾਹੀਦੀ ਹੈ। ਮੇਲਾ ਮਾਘੀ ਤੇ ਆਈਆਂ ਸੰਗਤਾਂ ਨੂੰ ਇਸ ਕੈਂਪ ਦਾ ਲਾਭ ਮਿਲਿਆ ਹੈ ਜਿਸ ਦੌਰਾਨ ਤਿੰਨ ਦਿਨਾਂ ’ਚ 1000 ਤੋਂ ਵੱਧ ਲੋਕਾਂ ਨੇ ਚੈਕਅੱਪ ਕਰਵਾ ਕੇ ਮੁਫਤ ਦਵਾਈਆਂ ਪ੍ਰਾਪਤ ਕੀਤੀਆਂ ਹਨ। ਇਸ ਕੈਂਪ ਦੌਰਾਨ 900 ਤੋਂ ਵੱਧ ਲੋੜਵੰਦ ਮਰੀਜਾਂ ਨੇ ਨਜ਼ਰ ਦੀਆਂ ਐਨਕਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮੈਗਾ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ’ਚ 200 ਤੋਂ ਵੱਧ ਲੋਕਾਂ ਨੇ ਸਵੈਇੱਛਕ ਖੂਨਦਾਨ ਕੀਤਾ ਹੈ ਜਿਸ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ। ਉਨ੍ਹਾਂ ਮੇਲਾ ਮਾਘੀ ਤੇ ਆਈਆਂ ਸੰਗਤਾਂ ਲ਼ਈ ਜੋ ਆਰਜੀ ਮੈਡੀਕਲ ਡਿਸਪੈਂਸਰੀਆਂ ਬਣਾਈਆਂ ਗਈਆਂ ਸਨ ਉਨ੍ਹਾਂ ਦਾ ਵੀ ਨਿਰੀਖਣ ਕੀਤਾ ਤੇ 24 ਘੰਟੇ ਚੱਲ ਰਹੀਆਂ ਮੈਡੀਕਲ ਡਿਸਪੈਂਸਰੀਆਂ ’ਚ ਕੰਮ ਕਰ ਰਹੇ ਸਟਾਫ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਇਸੇ ਤਰ੍ਹਾ ਹੀ ਮਾਨਵਤਾ ਦੀ ਸੇਵਾ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਰਾਜ ਕੁਮਾਰ ਨੇ ਕਿਹਾ ਕਿ ਮੇਲਾ ਮਾਘੀ ਦੌਰਾਨ ਵਿਸ਼ੇਸ਼ ਮੈਡੀਕਲ ਕੈਂਪ ਆਰਜੀ ਡਿਸਪੈਂਸਰੀਆਂ ਤੇ ਮੋਬਾਇਲ ਵੈਨਾਂ ਰਾਹੀਂ 5000 ਤੋਂ ਵੱਧ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਇਸ ਕੈਂਪ ’ਚ ਸ਼ਮੂਲੀਅਤ ਕਰਨ ਲਈ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਲੋਕਾਂ ਨੂੰ ਅੰਗਦਾਨ ਦੀ ਮਹੱਤਤਾ ਬਾਰੇ ਵੀ ਜਾਗਰੂਕ ਕਰਕੇ ਅੰਗਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਅੰਗਦਾਨ ਦੁਆਰਾ ਕੀਮਤੀ ਜਾਨਾ ਬਚਾਈਆਂ ਜਾ ਸਕਣ। ਇਸ ਕੈਂਪ ’ਚ ਡਾ. ਅਨਿਲ ਗੋਇਲ ਡਾਇਰੈਕਟਰ ਸਿਹਤ ਵਿਭਾਗ (ਈਐਸਆਈ) ਪੰਜਾਬ ਵਿਸ਼ੇਸ਼ ਤੌਰ ਸ਼ਾਮਲ ਹੋਏ। ਇਸ ਮੌਕੇ ਡਾ. ਸਰਬਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ. ਦੁਪਿੰਦਰ ਕੁਮਾਰ ਡੀਐਮਸੀ, ਡਾ. ਰਾਜੀਵ ਸੱਚਦੇਵਾ ਐਸਐਮਓ, ਡਾ. ਅਰਪਨਦੀਪ ਸਿੰਘ, ਡਾ. ਕੁਲਤਾਰ ਸਿੰਘ, ਡਾ. ਰੌਬਿਨ ਕੁਮਾਰ ਹਾਜ਼ਰ ਸਨ।