- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਾਲੀ ਪ੍ਰਬੰਧਨ ਤਕਨੀਕਾਂ ਨਾਲ ਕਣਕ ਦੀ ਸਫਲ ਕਾਸ਼ਤ ’ਤੇ ਵਾਢੀ ਦਿਵਸ ਦਾ ਆਯੋਜਨ

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਰਾਲੀ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੇਵੀਕੇ ਵਿਖੇ ਬਣਾਏ ਗਏ ‘ਪਰਾਲੀ ਪ੍ਰਬੰਧਨ ਸਬੰਧੀ ਸਿਖਲਾਈ ਪਲੇਟਫ਼ਾਰਮ’ ’ਚ ਵੱਖ ਵੱਖ ਤਕਨੀਕਾਂ ਰਾਹੀਂ ਬੀਜੀ ਕਣਕ ਸਬੰਧੀ ਵਾਢੀ ਦਿਵਸ ਦਾ ਆਯੋਜਨ ਕੀਤਾ ਗਿਆ, ਜਿਸ ’ਚ ਇਲਾਕੇ ਦੇ ਕਿਸਾਨਾਂ ਨੇ ਵੱਡੀ ਗਿਣਤੀ ’ਚ ਭਾਗ ਲਿਆ। ਇਸ ਪ੍ਰੋਗਰਾਮ ’ਚ ਡਾ. ਸਤਬੀਰ ਸਿੰਘ ਗੋਸਲ ਉੱਪ ਕੁਲਪਤੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ’ਚ ਡਾ. ਕਿਰਨ ਬੈਂਸ ਡੀਨ ਕਾਲਜ ਆਫ਼ ਕਮਿਊਨਿਟੀ ਸਾਇੰਸ ਪੀਏਯੂ ਤੇ ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਨੇ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲਿਆ। ਡਾ. ਗੋਸਲ ਨੇ ਕਿਸਾਨਾਂ ਨੂੰ ਮੌਸਮੀ ਤਬਦੀਲੀ ਨਾਲ ਪੈਦਾ ਹੋ ਰਹੀਆਂ ਖੇਤੀ ਮੁਸ਼ਕਿਲਾਂ ਸਬੰਧੀ ਜਾਗਰੂਕ ਕੀਤਾ ਤੇ ਕੁਦਰਤੀ ਸਰੋਤਾਂ ਦੇ ਸੁਚੱਜੇ ਇਸਤੇਮਾਲ ਤੇ ਜ਼ੋਰ ਦਿੱਤਾ। ਉਨਾਂ ਕਣਕ ਦੀਆਂ ਸੁਧਰੀਆਂ ਕਿਸਮਾਂ, ਖਾਸ ਤੌਰ ਤੇ ਪੀਬੀ ਡਬਲਯੂ. 826 ਤੇ ਪੀਬੀ ਡਬਲਯੂ 872 ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਹ ਕਿਸਮਾਂ ਮੌਸਮੀ ਤਬਦੀਲੀ ਕਾਰਨ ਕਣਕ ਦੇ ਪਕਾਅ ਸਮੇਂ ਆਮ ਨਾਲੋਂ ਤਾਪਮਾਨ ਵਧਣ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਉਂਦੀਆਂ ਹਨ। ਡਾ. ਗੋਸਲ ਨੇ ਕਿਸਾਨਾਂ ਨੂੰ ਕੇਵੀਕੇ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਵੀ ਪ੍ਰੇਰਿਤ ਕੀਤਾ। ਡਾ. ਕਰਮਜੀਤ ਸ਼ਰਮਾ ਸਹਿਯੋਗੀ ਨਿਰਦੇਸ਼ਕ ਕੇਵੀਕੇ ਸ੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪਰਾਲੀ ਸਾੜਨ ਨਾਲ ਵਾਤਾਵਰਣ ਤੇ ਮਿੱਟੀ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਡਾ. ਵਿਵੇਕ ਕੁਮਾਰ ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨ) ਨੇ ਕੇਵੀਕੇ ਫ਼ਾਰਮ ਵਿਖੇ ਬਣਾਏ ਗਏ ‘ਪਰਾਲੀ ਪ੍ਰਬੰਧਨ ਸਬੰਧੀ ਸਿਖਲਾਈ ਪਲੇਟਫ਼ਾਰਮ’ ’ਚ ਵੱਖ ਵੱਖ ਤਕਨੀਕਾਂ ਰਾਹੀਂ ਬੀਜੀ ਹੋਈ ਕਣਕ ਤੇ ਹੋਰ ਖੋਜ ਪ੍ਰਦਰਸ਼ਨੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨਾਂ ਸਾਉਣੀ ਦੀਆਂ ਫ਼ਸਲਾਂ ’ਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਬਾਰੇ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ। ਪ੍ਰੋਗਰਾਮ ਦੌਰਾਨ ਡਾ. ਗੁਰਵਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ (ਪਸਾਰ ਸਿੱਖਿਆ) ਵੱਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਖੇਤੀ ਸਾਹਿਤ ਪੜ੍ਹਣ ਲਈ ਪ੍ਰੇਰਿਤ ਕੀਤਾ। ਡਾ. ਸੁਖਜਿੰਦਰ ਸਿੰਘ ਸਹਾਇਕ ਪ੍ਰੋਫ਼ੈਸਰ (ਫ਼ਲ ਵਿਗਿਆਨ) ਨੇ ਆਏ ਹੋਏ ਕਿਸਾਨਾਂ ਨਾਲ਼ ਪੀਏਯੂ ਵੱਲੋਂ ਤਿਆਰ ਕੀਤੇ ਸਬਜੀਆਂ ਤੇ ਫ਼ਲਾਂ ਦੀ ਪੌਸ਼ਟਿਕ ਬਗੀਚੀ ਦੇ ਮਾਡਲਾਂ ਸਬੰਧੀ ਗੱਲਬਾਤ ਕੀਤੀ