ਸੂਚੀ ਜਾਰੀ ਹੋਣ ਤੋਂ ਬਾਅਦ ਵਾਰਡਾਂ ’ਚ ਹੋਇਆ ਬਦਲਾਅ
ਸੂਚੀ ਜਾਰੀ ਹੋਣ ਤੋਂ ਬਾਅਦ ਵਾਰਡਾਂ ’ਚ ਹੋਇਆ ਬਦਲਾਅ
Publish Date: Tue, 21 Apr 2026 06:50 PM (IST)
Updated Date: Tue, 21 Apr 2026 06:55 PM (IST)

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ’ਚ ਨਗਰ ਕੌਂਸਲ ਦਾ ਕਾਰਜਕਾਲ 19 ਅਪ੍ਰੈਲ ਨੂੰ ਖਤਮ ਹੋ ਗਿਆ ਸੀ ਤੇ ਹੁਣ ਐੱਸਡੀਐੱਮ ਸਾਰੇ ਕੌਂਸਲ ਦੇ ਕੰਮ ਦੀ ਨਿਗਰਾਨੀ ਕਰ ਰਹੇ ਹਨ। ਪੰਜਾਬ ਸਰਕਾਰ ਨੇ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁਕਤਸਰ ਨਗਰ ਕੌਂਸਲ ਦੇ ਸਾਰੇ 31 ਵਾਰਡਾਂ ’ਚ ਤਬਦੀਲੀਆਂ ਦੀ ਸੂਚੀ ਜਾਰੀ ਕੀਤੀ ਹੈ। ਚੋਣ ਲੜਨ ਦੇ ਚਾਹਵਾਨ ਉਮੀਦਵਾਰ ਇਸ ਸੂਚੀ ਦੇ ਜਾਰੀ ਹੋਣ ਤੋਂ ਜਿੱਥੇ ਖੁਸ਼ ਹਨ ਉਥੇ ਹੀ ਕੁਝ ਤਬਦੀਲੀਆਂ ਤੋਂ ਨਾਰਾਜ਼ ਵੀ ਹਨ। ਜਿਨ੍ਹਾਂ ਵਾਰਡਾਂ ਲਈ ਪੁਰਸ਼ ਆਗੂ ਤਿਆਰੀ ਕਰ ਰਹੇ ਸਨ, ਉਨ੍ਹਾਂ ਨੂੰ ਔਰਤਾਂ ਲਈ ਰਾਖਵਾਂ ਕਰ ਦਿੱਤਾ ਗਿਆ ਹੈ। ਇਸ ਨਾਲ ਚੋਣ ਤਿਆਰੀ ਦਾ ਪੂਰਾ ਦ੍ਰਿਸ਼ ਬਦਲ ਗਿਆ ਹੈ ਜਿਸ ਕਾਰਨ ਪਾਰਟੀਆਂ ਨੂੰ ਮੁੜ ਵਿਚਾਰ ਕਰਨ ਲਈ ਮਜਬੂਰ ਹੋਣਾ ਪਿਆ ਹੈ। ਕੁਝ ਆਗੂ ਤਬਦੀਲੀਆਂ ਤੋਂ ਨਾਖੁਸ਼ ਹਨ ਤੇ ਵਿਰੋਧ ਕਰ ਰਹੇ ਹਨ ਤੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੇ ਚੋਣ ਲੜਨ ਲਈ ਦੂਜੇ ਵਾਰਡਾਂ ’ਚ ਜੋੜ ਤੋੜ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਰਿਜਰਵੇਸ਼ਨ ਤਹਿਤ ਮੁਕਤਸਰ ਦੇ 31 ਵਾਰਡਾਂ ’ਚੋਂ 10 ਵਾਰਡ ਜਨਰਲ ਵਰਗ ਲਈ, 10 ਵਾਰਡ ਔਰਤਾਂ ਲਈ, 5 ਵਾਰਡ ਅਨੁਸੂਚਿਤ ਜਾਤੀ ਲਈ ਤੇ 5 ਵਾਰਡ ਅਨੁਸੂਚਿਤ ਜਾਤੀ ਔਰਤਾਂ ਲਈ ਤੇ ਇੱਕ ਵਾਰਡ ਪੱਛੜੀ ਸ਼੍ਰੇਣੀ ਲਈ ਰਾਖਵਾਂ ਰੱਖਿਆ ਗਿਆ ਹੈ, ਜਿਸ ਤਹਿਤ ਵਾਰਡ ਨੰਬਰ 1, 3, 5, 11, 15, 17, 19, 23, 25 ਤੇ ਵਾਰਡ ਨੰਬਰ 31 ਜਨਰਲ ਵਰਗ ਲਈ ਰੱਖੇ ਗਏ ਹਨ। ਵਾਰਡ ਨੰਬਰ 6, 8, 10, 12, 14, 16, 20, 26, 29 ਤੇ 30 ਔਰਤਾਂ ਲਈ ਰਾਖਵੇਂ ਰੱਖੇ ਗਏ ਹਨ। ਵਾਰਡ ਨੰਬਰ 9, 13, 21, 27 ਤੇ 28 ਅਨੁਸੂਚਿਤ ਜਾਤੀ ਲਈ, ਵਾਰਡ ਨੰਬਰ 2, 4, 18, 22 ਤੇ 24 ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਰਾਖਵੇਂ ਹਨ, ਜਦਕਿ ਵਾਰਡ ਨੰਬਰ 7 ਪਛੜੀਆਂ ਸਰੇਣੀਆਂ ਲਈ ਰਾਖਵਾਂ ਹੈ। ਪ੍ਰਸ਼ਾਸਨ ਨੇ ਵੋਟਰ ਸੂਚੀਆਂ ’ਚ ਦਰੁਸਤੀਆਂ ਤੇ ਇਤਰਾਜ਼ਾਂ ਦੇ ਹੱਲ ਦੇ ਕੰਮ ’ਚ ਵੀ ਤੇਜ਼ੀ ਲਿਆਂਦੀ ਹੈ ਜੋ ਕਿ 5 ਮਈ ਤੱਕ ਪੂਰਾ ਹੋ ਜਾਵੇਗਾ। ਚੋਣ ਤਿਆਰੀਆਂ ’ਚ ਜੁਟੀਆਂ ਸਿਆਸੀ ਧਿਰਾਂ ਵਾਰਡ ਤਬਦੀਲੀਆਂ ਦੀ ਨੋਟੀਫਿਕੇਸ਼ਨ ਤੋਂ ਬਾਅਦ ਆਲੇ-ਦੁਆਲੇ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਇਸ ਦੌਰਾਨ ਕੁਝ ਦਾਅਵੇ ਵੀ ਸਾਹਮਣੇ ਆਏ ਹਨ। ਇਸ ਵੇਲੇ ਕਾਂਗਰਸ, ਅਕਾਲੀ ਦਲ, ਆਪ ਤੇ ਭਾਜਪਾ ਦੇ ਆਗੂਆਂ ਨੇ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਵਾਰਡ ਇੰਚਾਰਜ ਨਿਯੁਕਤ ਕੀਤੇ ਜਾ ਰਹੇ ਹਨ।