ਗੁਰੂ ਰਵਿਦਾਸ ਜੀ ਮਹਾਰਾਜ ਨੇ ਮਾਨਵ ਜਾਤੀ ਨੂੰ ਪ੍ਰੇਮ ਦਾ ਪਾਠ ਪੜ੍ਹਾਇਆ : ਸਾਧਵੀ ਮਨਦੀਪ
ਗੁਰੂ ਰਵਿਦਾਸ ਜੀ ਮਹਾਰਾਜ ਨੇ ਮਾਨਵ ਜਾਤੀ ਨੂੰ ਪ੍ਰੇਮ ਦਾ ਪਾਠ ਪੜਾਇਆ : ਸਾਧਵੀ ਮਨਦੀਪ ਭਾਰਤੀ
Publish Date: Sun, 01 Feb 2026 04:47 PM (IST)
Updated Date: Sun, 01 Feb 2026 04:49 PM (IST)

ਸਟਾਫ ਰਿਪੋ੍ਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਵਿਸ਼ਾਲ ਨਗਰ ਗਲੀ ਨੰਬਰ 3 ਸ੍ਰੀ ਮੁਕਤਸਰ ਸਾਹਿਬ ਦੇ ਅੰਦਰ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ’ਚ ਸਾਧਵੀ ਮਨਦੀਪ ਭਾਰਤੀ ਨੇ ਸੰਗਤ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਜਦੋਂ ਜਦੋਂ ਵੀ ਇਸ ਸੰਸਾਰ ਦੇ ਅੰਦਰ ਮਹਾਂਪੁਰਸ਼ ਆਉਂਦੇ ਹਨ ਤਾਂ ਸਮਾਜ ’ਚ ਫੈਲੇ ਹੋਏ ਅੰਧ ਵਿਸ਼ਵਾਸ ਝੂਠੇ ਰੀਤੀ ਰਿਵਾਜਾਂ ਤੇ ਬੇਬੁਨਿਆਦੀ ਮਾਨਤਾਵਾਂ ਦਾ ਖੰਡਨ ਕਰਕੇ ਉਹ ਇਨਸਾਨ ਨੂੰ ਪਰਮਾਤਮਾ ਦੀ ਸੱਚੀ ਭਗਤੀ ਦੇ ਨਾਲ ਜੋੜਦੇ ਹਨ। ਗੁਰੂ ਰਵਿਦਾਸ ਮਹਾਰਾਜ ਜੀ ਵੀ ਜਦੋਂ ਆਏ ਉਸ ਸਮੇਂ ਬਹੁਤ ਸਾਰੇ ਲੋਕ ਬਾਹਰੀ ਕਿਰਿਆਵਾਂ ਤੇ ਕਰਮ ਕਾਂਡਾਂ ’ਚ ਜਕੜੇ ਹੋਏ ਸਨ ਜਿਨਾਂ ਦੇ ਕਾਰਨ ਲੋਕਾਂ ’ਚ ਪਰਮਾਤਮਾ ਦੀ ਭਗਤੀ ਦੇ ਸਬੰਧ ’ਚ ਕਈ ਤਰ੍ਹਾਂ ਦੇ ਮਤਭੇਦ ਪਾਏ ਜਾਂਦੇ ਸਨ। ਉਸ ਸਮੇਂ ਮਨੁੱਖੀ ਸਮਾਜ ’ਚ ਚਾਰੇ ਪਾਸੇ ਜਾਤ ਪਾਤ ਤੇ ਊਚ ਨੀਚ ਦਾ ਵਖਰੇਵਾਂ ਨਜ਼ਰ ਆ ਰਿਹਾ ਸੀ ਲੇਕਿਨ ਗੁਰੂ ਰਵਿਦਾਸ ਮਹਾਰਾਜ ਜੀ ਸਾਂਝੇ ਤੇ ਸੁਚੱਜੇ ਸਮਾਜ ਦੀ ਸਥਾਪਨਾ ਕਰਨ ਲਈ ਬੁਰਾਈ ਤੇ ਫਿਰਕਾ ਪ੍ਰਸਤੀ ਦੇ ਖਿਲਾਫ ਸਾਰਾ ਜੀਵਨ ਜੀਏ। ਉਨ੍ਹਾਂ ਨੇ ਉਸ ਸਮੇਂ ਦੁਖਿਆਰੀ ਮਾਨਵ ਜਾਤੀ ਨੂੰ ਪ੍ਰੇਮ ਦਾ ਪਾਠ ਪੜਾਇਆ ਆਪਣੇ ਤਿਆਗਮਈ ਜੀਵਨ ਤੇ ਤਪ ਦੇ ਦੁਆਰਾ ਆਪ ਨੇ ਸਮੁੱਚੀ ਮਾਨਵਤਾ ਨੂੰ ਜੀਵਨ ਜਿਉਣ ਦੀ ਕਲਾ ਸਿਖਾਈ ਤੇ ਸਭ ਨੂੰ ਏਕਤਾ ਦਾ ਪਾਠ ਪੜਾਇਆ। ਇਸ ਮੌਕੇ ਸਾਧਵੀ ਸੁਨੀਤਾ ਭਾਰਤੀ ਨੇ ਸੁਮਧੁਰ ਭਜਨਾਂ ਦਾ ਗਾਇਨ ਕਰਕੇ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ।