ਸਫਾਈ ਦੀ ਆੜ੍ਹ ਵਿਚ ਕੱਟੇ ਹਰੇ ਦਰੱਖਤ
ਸਫਾਈ ਦੀ ਆੜ੍ਹ ਵਿਚ ਕੱਟੇ ਹਰੇ ਦਰੱਖਤ
Publish Date: Sat, 31 Jan 2026 05:53 PM (IST)
Updated Date: Sat, 31 Jan 2026 05:55 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਦੀ ਨਵੀਂ ਅਨਾਜ ਮੰਡੀ ਵਿਖੇ ਸਫਾਈ ਦੀ ਆੜ੍ਹ ’ਚ ਹਰੇ ਦਰੱਖਤ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂਕਿ ਮਾਰਕੀਟ ਕਮੇਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਸੰਬੰਧੀ ਕਿਸੇ ਵੀ ਕਰਮਚਾਰੀ ਪਾਸੋਂ ਜਾਂ ਆਮ ਪਬਲਿਕ ਪਾਸੋਂ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀ ਹੋਈ ਅਤੇ ਉਨ੍ਹਾਂ ਨੂੰ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਨਾ ਹੈ। ਜਾਣਕਾਰੀ ਅਨੁਸਾਰ ਨਵੀਂ ਅਨਾਜ ਮੰਡੀ ’ਚ ਪੱਕੇ ਫੱੜ੍ਹਾ ਦੇ ਨਾਲ ਪਈ ਖਾਲੀ ਜਗ੍ਹਾ ਤੋਂ ਇਲਾਵਾ ਬਿਨਾਂ ਅਲਾਟਮੈਂਟ ਤੋਂ ਖਾਲੀ ਪਈ ਮੰਡੀ ਬੋਰਡ ਦੀ ਜਗ੍ਹਾ ’ਚ ਉੱਗੇ ਦਰੱਖਤਾਂ ਨੂੰ ਬੀਤੇ ਦਿਨੀ ਕਿਸੇ ਵੱਲੋਂ ਕੱਟ ਲਿਆ ਗਿਆ ਹੈ। ਹਰੇ ਦਰਖਤਾਂ ਨੂੰ ਨਜਾਇਜ ਤੌਰ ’ਤੇ ਕੱਟਣ ਵਾਲੇ ਵਿਅਕਤੀਆਂ ਵੱਲੋਂ ਕਈ ਜਗ੍ਹਾ ਤੇ ਤਾਂ ਮੁਢਾ ਨੂੰ ਵੀ ਧਰਤੀ ਵਿੱਚੋਂ ਉਖਾੜ ਕੇ ਹਰੇ ਦਰੱਖਤਾਂ ਦਾ ਨਾਮੋਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਦੋਂਕਿ ਕਈ ਜਗ੍ਹਾ ਤੇ ਅਜੇ ਵੀ ਕੱਟੇ ਗਏ ਦਰੱਖਤਾਂ ਦੇ ਮੁੱਢ ਉਸੇ ਤਰਾਂ ਪਏ ਹਨ। ਦੂਜੇ ਪਾਸੇ ਗਿੱਦੜਬਾਹਾ ਦੀ ਜਿਸ ਮੁੱਖ ਅਨਾਜ ਮੰਡੀ ’ਚੋਂ ਇਹ ਦਰੱਖਤ ਕੱਟੇ ਗਏ ਹਨ, ਉਸੇ ਵਿਚ ਮਾਰਕੀਟ ਕਮੇਟੀ ਦੇ ਦਫਤਰ ਤੋਂ ਇਲਾਵਾ ਮੰਡੀ ਬੋਰਡ ਦੇ ਐਸਡੀਓ ਦਾ ਦਫਤਰ ਵੀ ਸਥਿਤ ਹੈ, ਪਰੰਤੂ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ ਇੰਨਾਂ ਰੁੱਖਾਂ ਦੇ ਕੱਟੇ ਜਾਣ ਬਾਰੇ ਕੋਈ ਵੀ ਜਾਣਕਾਰੀ ਨਹੀ ਹੈ। ਜਦੋਂ ਇਸ ਸੰਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਅਨਿਲ ਖੁੰਗਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਹਾੜੀ ਕਿੱਕਰਾਂ ਦੀ ਸਫਾਈ ਕਰਵਾਈ ਗਈ ਹੈ ਪਰੰਤੂ ਨਾਲ ਹੀ ਉਨਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਹਰੇ ਦਰੱਖਤ ਦੇ ਕੱਟੇ ਜਾਣ ਦੀ ਕੋਈ ਜਾਣਕਾਰੀ ਨਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਸ਼ਿਕਾਇਤ ਹੀ ਅਜੇ ਤੱਕ ਪ੍ਰਾਪਤ ਹੋਈ ਹੈ।