ਸੁਤੰਤਰਤਾ ਸੈਨਾਨੀਆਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰੇ ਸਰਕਾਰ : ਸੰਘਾ
ਸੁਤੰਤਰਤਾ ਸੈਨਾਨੀਆਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰ ਸਰਕਾਰ : ਸੰਘਾ
Publish Date: Sat, 28 Feb 2026 04:05 PM (IST)
Updated Date: Sat, 28 Feb 2026 04:07 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੀ ਆਪ ਸਰਕਾਰ ਨੂੰ ਸੁਤੰਤਰਤਾ ਸੈਨਾਨੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨੇ ਚਾਹੀਦੇ ਹਨ। ਜਿਨ੍ਹਾਂ ਨੇ ਅਨੇਕਾਂ ਕਸ਼ਟ ਝੇਲਦਿਆਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਉਮਰਾਂ ਲਗਾਈਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੇ ਵੀ ਆਪਣੇ ਬਾਪ-ਦਾਦਿਆਂ ਵੱਲ਼ੋਂ ਆਜ਼ਾਦੀ ਦੇ ਸੰਘਰਸ਼ ’ਚ ਕੱਟੀਆਂ ਗਈਆਂ ਜੇਲ੍ਹਾਂ ਦੌਰਾਨ ਔਕੜਾਂ ਨੂੰ ਹੱਡੀਂ ਹੰਢਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਤੇ ਉੱਤਰਾਧਿਕਾਰੀ ਸੰਯੁਕਤ ਸੰਗਠਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਸੰਘਾ ਨੇ ਸੰਗਠਨ ਦੀ ਜਿਲ੍ਹਾ ਪੱਧਰੀ ਮੀਟਿੰਗ ਉਪਰੰਤ ਪ੍ਰੈੱਸ ਮਿਲਣੀ ਦੌਰਾਨ ਕੀਤਾ। ਉਨ੍ਹਾਂ ਆਖਿਆ ਕਿ ਸੁਤੰਤਰਤਾ ਸੈਨਾਨੀ ਭਲਾਈ ਵਿਭਾਗ ਦੇ ਹੁੰਦਿਆਂ ਵੀ ਸਰਕਾਰਾਂ ਵੱਲ਼ੋਂ ਅਕਸਰ ਦੇਸ਼ ਭਗਤ ਪਰਿਵਾਰਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਪਰਿਵਾਰਾਂ ਨੂੰ ਤੁੱਛ ਸਹੂਲਤਾਂ ਲਈ ਸਰਕਾਰੀ ਦਫਤਰਾਂ ’ਚ ਖੱਜਲ ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੁਤੰਤਰਤਾ ਸੈਨਾਨੀ ਪਰਿਵਾਰਾਂ ਦੇ ਬੇਰੁਜ਼ਗਾਰ ਨੌਜੁਆਨਾਂ ਲਈ ਰਾਖਵਾਂਕਰਨ 1% ਤੋਂ ਵਧਾ ਕੇ ਪਹਿਲਾਂ ਵਾਲਾ 5% ਰਾਖਵਾਂਕਰਨ ਕੋਟਾ ਬਹਾਲ ਕੀਤਾ ਜਾਵੇ। ਸੰਗਠਨ ਦੇ ਸੂਬਾਈ ਆਗੂ ਨੇ ਸੁਤੰਤਰਤਾ ਸੈਨਾਨੀ ਪਰਿਵਾਰਾਂ ਨੂੰ ਖੇਤੀ ਲਈ ਮੋਟਰ ਕੁਨੈਕਸ਼ਨ ਤੇ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਸੁਚਾਰੂ ਤੇ ਸੁਖਾਵੇਂ ਰੂਪ ’ਚ ਲਾਗੂ ਕਰਨ ਦੀ ਵੀ ਪੁਰਜ਼ੋਰ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੰਗਠਨ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਵਰਨ ਲੱਖੇਵਾਲੀ, ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬਰਾੜ, ਸੁਖਮੰਦਰ ਸਿੰਘ ਬੇਦੀ, ਗੁਰਦਿੱਤ ਸਿੰਘ ਖੂੰਨਣ ਖੁਰਦ, ਡਾ. ਹਰਿੰਦਰਪਾਲ ਸਿੰਘ ਮਹਿਰੋਂ, ਰੂਪ ਸਿੰਘ ਬਰਗਾੜੀ ਤੇ ਅਮਰਜੀਤ ਸਿੰਘ ਬੁੱਟਰ ਵੀ ਮੌਜੂਦ ਸਨ।