ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਬਜਟ ਜਲਦੀ ਜਾਰੀ ਕਰੇ ਸਰਕਾਰ
ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਬਜਟ ਜਲਦੀ ਜਾਰੀ ਕਰੇ ਸਰਕਾਰ
Publish Date: Wed, 11 Mar 2026 05:40 PM (IST)
Updated Date: Wed, 11 Mar 2026 05:42 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ’ਚ ਮੁਲਾਜ਼ਮਾਂ ਲਈ ਕੋਈ ਵੀ ਐਲਾਨ ਨਾ ਕੀਤੇ ਜਾਣ ਤੋਂ ਮੁਲਾਜ਼ਮ ਪਹਿਲਾਂ ਹੀ ਨਾਰਾਜ਼ ਹਨ। ਹੁਣ ਫ਼ਰਵਰੀ ਮਹੀਨੇ ਦੀ ਤਨਖਾਹ ਦਾ ਬਜਟ ਜਾਰੀ ਨਾ ਹੋਣ ਕਰਕੇ ਅੱਧੇ ਤੋਂ ਵੱਧ ਮੁਲਾਜ਼ਮਾਂ ਨੂੰ ਤਨਖਾਹਾਂ ਨਸੀਬ ਨਹੀਂ ਹੋਈਆਂ। ਡੈਮੋਕਰੈਟਿਕ ਟੀਚਰਜ਼ ਫਰੰਟ ਬਲਾਕ ਮੁਕਤਸਰ 1 ਦੇ ਪ੍ਰਧਾਨ ਕੁਲਵਿੰਦਰ ਸਿੰਘ ਫੱਤਣਵਾਲਾ ਅਤੇ ਬਲਾਕ ਸਕੱਤਰ ਚਰਨਜੀਤ ਸਿੰਘ ਮੁਕਤਸਰ ਨੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਸਰਕਾਰ ਵੱਲੋਂ ਫਰਵਰੀ, ਮਾਰਚ ਮਹੀਨੇ ਦੀ ਤਨਖਾਹ ਦਾ ਹਾਲੇ ਤੱਕ ਬਜਟ ਜਾਰੀ ਨਾ ਕਰਨਾ ਸਰਕਾਰ ਦੀ ਵੱਡੀ ਅਣਗਹਿਲੀ ਹੈ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਪਾਸਾ ਵੱਟਣ ਵੱਲ ਸੰਕੇਤ ਕਰਦਾ ਹੈ। ਇੱਕ ਪਾਸੇ ਤਾਂ ਸਰਕਾਰ ਵੱਲੋਂ ਬਜਟ ਵਿੱਚ ਮੁਫਤ ਸਕੀਮਾਂ ਜਿਹੇ ਲੋਕ ਲੁਭਾਵਣੇ ਵਾਅਦੇ ਕੀਤੇ ਜਾ ਰਹੇ ਹਨ, ਦੂਸਰੇ ਪਾਸੇ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰਨ ਵਿੱਚ ਵੀ ਆਨਾਕਾਨੀ ਕਰ ਰਹੀ ਹੈ। ਹਰ ਸਾਲ ਫਰਵਰੀ ਮਾਰਚ ਦੀ ਤਨਖਾਹ ਬਜਟ ਘਟਣ ਨਾਲ ਰੁਕਦੀ ਹੈ। ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਲਈ ਅਗਾਊ ਪ੍ਰਬੰਧ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹਜ਼ਾਰਾਂ ਮੁਲਾਜ਼ਮਾਂ ਵੱਲੋਂ ਇਸ ਮਹੀਨੇ ’ਚ ਆਪਣੇ ਬੱਚਿਆਂ ਦੀਆਂ ਦਾਖਲਾ ਫੀਸਾਂ, ਕਿਤਾਬਾਂ ਅਤੇ ਹੋਰ ਖਰਚੇ ਕਰਨੇ ਹੁੰਦੇ ਹਨ ਨਾਲ ਹੀ ਲੇਟ ਤਨਖਾਹ ਆਉਣ ਕਰਕੇ ਲੋਨ ਦੀਆਂ ਕਿਸਤਾਂ ਦੇ ਵੀ ਭਾਰੀ ਜਰਮਾਨਾ ਭਰਨੇ ਪੈਂਦੇ ਹਨ। ਇਸ ਕਾਰਨ ਮੁਲਾਜ਼ਮਾਂ ਨੂੰ ਮਾਨਸਿਕ ਅਤੇ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਰਕਾਰ ਤੋਂ ਜਲਦ ਤੋਂ ਜਲਦ ਤਨਖਾਹਾਂ ਦਾ ਬਜਟ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਜਲਦੀ ਤਨਖਾਹਾਂ ਦਾ ਬਜਟ ਨਾ ਜਾਰੀ ਹੋਇਆ ਤਾਂ ਜਥੇਬੰਦੀ ਵੱਲੋਂ ਖਜ਼ਾਨੇ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਜਥੇਬੰਦੀ ਦੇ ਹੋਰ ਆਗੂ ਵੀ ਮੌਜੂਦ ਸਨ।