ਗੜ੍ਹੇਮਾਰੀ ਨਾਲ ਹੋਈ ਬਰਬਾਦੀ ਲਈ ਸਰਕਾਰ ਤੁਰੰਤ ਮੁਆਵਜ਼ਾ ਜਾਰੀ ਕਰੇ : ਗੰਧੜ
ਗੜ੍ਹੇਮਾਰੀ ਨਾਲ ਹੋਈ ਫ਼ਸਲਾਂ ਦੀ ਬਰਬਾਦੀ ਲਈ ਸਰਕਾਰ ਤੁਰੰਤ ਮੁਆਵਜ਼ਾ ਜਾਰੀ ਕਰੇ : ਜਸਵਿੰਦਰ ਗੰਧੜ
Publish Date: Sat, 04 Apr 2026 04:44 PM (IST)
Updated Date: Sat, 04 Apr 2026 04:46 PM (IST)

ਸੁਖਦੀਪ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਹੋਈ ਭਾਰੀ ਗੜ੍ਹੇਮਾਰੀ ਅਤੇ ਬੇਮੌਸਮੀ ਬਾਰਸ਼ ਕਾਰਨ ਕਣਕ, ਸਰ੍ਹੋਂ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਆਲ ਇੰਡੀਆ ਮੱਜ੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ (ਰਾਜਨੀਤਿਕ ਵਿੰਗ) ਦੇ ਸੂਬਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੇ ਸਰਕਾਰ ਪਾਸੋਂ ਵਿਸ਼ੇਸ਼ ਗਿਰਦਾਵਰੀ ਅਤੇ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ। ਸੂਬੇਦਾਰ ਗੰਧੜ ਨੇ ਪੁਰਜ਼ੋਰ ਮੰਗ ਕੀਤੀ ਕਿ ਪ੍ਰਭਾਵਿਤ ਕਿਸਾਨਾਂ ਨੂੰ 50 ਹਜ਼ਾਰ ਰੁਪਏ ਅਤੇ ਖੇਤ ਮਜ਼ਦੂਰਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ, ਲੰਬੀ ਅਤੇ ਗਿੱਦੜਬਾਹਾ ਇਲਾਕਿਆਂ ’ਚ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ। ਖਾਸ ਕਰਕੇ ਪਿੰਡ ਲੱਖੇਵਾਲੀ ਅਤੇ ਗੰਧੜ ’ਚ ਕੁਦਰਤ ਦਾ ਕਹਿਰ ਵਧੇਰੇ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਬਰਬਾਦੀ ਨਾਲ ਨਾ ਸਿਰਫ਼ ਕਿਸਾਨ ਸਗੋਂ ਮਜ਼ਦੂਰ ਵਰਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਵਾਢੀ ਅਤੇ ਮੰਡੀਆਂ ਦੇ ਕੰਮ ਰਾਹੀਂ ਗੁਜ਼ਾਰਾ ਕਰਨ ਵਾਲੇ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਗਿਆ ਹੈ। ਇਹ ਕੁਦਰਤੀ ਕਰੋਪੀ ਕਿਸਾਨਾਂ ਅਤੇ ਮਜ਼ਦੂਰਾਂ ਤੇ ਪਹਾੜ ਬਣ ਕੇ ਟੁੱਟੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੇਵਲ ਫ਼ਸਲਾਂ ਹੀ ਨਹੀਂ, ਸਗੋਂ ਮੀਂਹ ਕਾਰਨ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਜਾਂ ਮਕਾਨਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਵੀ ਬਾਂਹ ਫੜੇ। ਸੂਬੇਦਾਰ ਗੰਧੜ ਨੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਮੈਦਾਨ ’ਚ ਨਿੱਤਰ ਕੇ ਪੀੜਤ ਪਰਿਵਾਰਾਂ ਦੀ ਸਾਰ ਲੈਣ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ’ਚ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਆਰਥਿਕ ਮਦਦ ਜਾਰੀ ਕਰਨੀ ਚਾਹੀਦੀ ਹੈ ਤਾਂ ਜੋ ਅੰਨਦਾਤਾ ਅਤੇ ਮਜ਼ਦੂਰ ਵਰਗ ਨੂੰ ਖੁਦਕੁਸ਼ੀਆਂ ਦੇ ਰਾਹ ਜਾਣ ਤੋਂ ਬਚਾਇਆ ਜਾ ਸਕੇ।