ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਣ ਭੱਤਾ ਦੁਗਣਾ ਕਰੇ : ਹਰਗੋਬਿੰਦ ਕੌਰ
ਸਰਕਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਣ ਭੱਤਾ ਦੁਗਣਾ ਕਰੇ : ਹਰਗੋਬਿੰਦ ਕੌਰ
Publish Date: Wed, 07 Jan 2026 07:26 PM (IST)
Updated Date: Wed, 07 Jan 2026 07:30 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੀਟਿੰਗ ਸ਼ਿੰਦਰਪਾਲ ਕੌਰ ਥਾਂਦੇਵਾਲਾ ਦੀ ਪ੍ਰਧਾਨਗੀ ਹੇਠ ਹੋਈ। ਹਰਗੋਬਿੰਦ ਕੌਰ ਕੌਮੀ ਪ੍ਰਧਾਨ ਆਖਿਆ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀਂ ਕਰ ਰਹੀ, ਚੋਣਾਂ ਸਮੇਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਆਂਗਣਵਾੜੀ ਵਰਕਰਾਂ ਹੈਲਪਰਾ ਦਾ ਮਾਣ ਭੱਤਾ ਦੁਗਣਾ ਕੀਤਾ ਜਾਵੇਗਾ ਪਰ ਮਾਣਭੱਤਾ ਦੁਗਣਾ ਤਾਂ ਕੀ ਕਰਨਾ ਸੀ ਜੋ ਮਾਣਭੱਤਾ ਆਂਗਣਵਾੜੀ ਵਰਕਰਾਂ ਹੈਲਪਰਾ ਨੂੰ ਮਿਲ ਰਿਹਾ ਸੀ ਪੰਜਾਬ ਸਰਕਾਰ ਉਹ ਵੀ ਸਮੇਂ ਸਿਰ ਨਹੀਂ ਦੇ ਰਹੀ ਸੀ। ਅੱਜ ਤੱਕ ਆਂਗਣਵਾੜੀ ਵਰਕਰਾਂ, ਹੈਲਪਰਾ ਨੂੰ ਸਮਾਰਟਫੋਨ ਨਹੀਂ ਦਿੱਤੇ ਨਾ ਹੀ ਫੋਨਾਂ ਦਾ ਪੂਰਾ ਰੀਚਾਰਜ ਭੱਤਾ ਦਿੱਤਾ ਜਾ ਰਿਹਾ ਹੈ। ਕਿਰਾਏ ਦੀਆਂ ਬਿਲਡਿੰਗਾਂ ’ਚ ਚੱਲ ਰਹੇ ਆਂਗਣਵਾੜੀ ਕੇਂਦਰਾਂ ਦਾ ਕਿਰਾਇਆ ਤੱਕ ਨਹੀਂ ਦਿੱਤਾ ਜਾ ਰਿਹਾ, ਆਂਗਣਵਾੜੀ ਕੇਂਦਰਾਂ ਦੇ ਵਿੱਚੋਂ ਸਕੂਲ ਸਰਕਾਰੀ ਸਕੂਲਾਂ ’ਚ ਬਿਠਾਏ ਗਏ ਬੱਚੇ ਅੱਜ ਤੱਕ ਵਾਪਸ ਨਹੀਂ ਭੇਜੇ ਗਏ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਵੇ ,ਐਨਜੀਓ ਬਲਾਕਾਂ ਨੂੰ ਵਾਪਸ ਲੈਣ ਦਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਉਸਨੂੰ ਲਾਗੂ ਕੀਤਾ ਜਾਵੇ। ਮੀਟਿੰਗ ਦੌਰਾਨ ਆਂਗਣਵਾੜੀ ਜਥੇਬੰਦੀ ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਸੱਦਾ ਦਿੱਤਾ ਕਿ ਜਥੇਬੰਦੀ ਨੂੰ ਵੱਧ ਤੋਂ ਵੱਧ ਮਜਬੂਤ ਕਰੋ ਅਤੇ ਸਰਕਾਰ ਦੇ ਨਾਲ ਸੰਘਰਸ਼ ਲਈ ਤਿਆਰ ਰਹੋ। ਮੀਟਿੰਗ ’ਚ ਕਿਰਨਪਾਲ ਕੌਰ ਮਹਾਂਬੱਧਰ, ਇੰਦਰਪਾਲ ਕੌਰ ਸ੍ਰੀ ਮੁਕਤਸਰ ਸਾਹਿਬ, ਸਰਬਜੀਤ ਕੌਰ ਕਾਲੇਵਾਲਾ, ਬਲਜਿੰਦਰ ਕੌਰ ਖੱਪਿਆਵਾਲੀ, ਮਨਜੀਤ ਕੌਰ ਸੀਰਵਾਲੀ, ਰਜਿੰਦਰ ਕੌਰ ਸਰਾਏਨਾਗਾ, ਰਾਜਵਿੰਦਰ ਕੌਰ ਵੜਿੰਗ, ਅੰਮ੍ਰਿਤਪਾਲ ਕੌਰ ਥਾਂਦੇਵਾਲਾ, ਚਰਨਜੀਤ ਕੌਰ ਸ੍ਰੀ ਮੁਕਤਸਰ ਸਾਹਿਬ ਆਦਿ ਆਗੂਆਂ ਨੇ ਹਿੱਸਾ ਲਿਆ।