ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਨੂੰ ਐਲਾਨਿਆ ‘ਗਰੀਨ ਸਕੂਲ’
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਨੂੰ ਐਲਾਨਿਆ ਗਰੀਨ ਸਕੂਲ
Publish Date: Sun, 01 Feb 2026 05:41 PM (IST)
Updated Date: Sun, 01 Feb 2026 05:43 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਚੰਡੀਗੜ੍ਹ ਦੀਆਂ ਗਾਈਡਲਾਈਨਜ਼ ਅਨੁਸਾਰ 2025-26 ਦੌਰਾਨ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵੱਲੋਂ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ ਭਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਸਬੰਧੀ ਵਾਤਾਵਰਨ ਸਿੱਖਿਆ ਕੋਆਰਡੀਨੇਟਰਸ ਵੱਲੋਂ ਇਸ ਸਬੰਧੀ ਵਰਕਸ਼ਾਪ ਵੀ ਲਗਾਈ ਗਈ ਸੀ। ਇਸ ਗਰੀਨ ਸਕੂਲ ਪ੍ਰੋਗਰਾਮ ਤਹਿਤ ਸਕੂਲ ਦੇ ਗਰੀਨ ਕੰਪੋਨੈਂਟ ਜਿਨਾਂ ’ਚ ਪਾਣੀ, ਊਰਜਾ, ਲੈਂਡ, ਵੇਸਟ, ਹਵਾ ਤੇ ਫੂਡ ਸ਼ਾਮਲ ਹਨ। ਇਸ ਪ੍ਰੋਗਰਾਮ ਤਹਿਤ ਭਾਰਤ ਸਰਕਾਰ ਦੇ ਪੋਰਟਲ ਤੇ ਇਨਾਂ ਵਿਸ਼ਿਆਂ ਬਾਰੇ ਸਕੂਲ ਦੇ ਵਾਤਾਵਰਨ ਨੂੰ ਦੇਖਦੇ ਹੋਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਜਾਂਦੇ ਹਨ। ਇਹ ਆਡਿਟ ਅਕਤੂਬਰ ਮਹੀਨੇ ’ਚ ਕੀਤਾ ਗਿਆ ਸੀ। ਪਿਛਲੇ ਦਿਨੀਂ ਭਾਰਤ ਸਰਕਾਰ ਵੱਲੋਂ ਇਸ ਆਡਿਟ ਦਾ ਰਿਜ਼ਲਟ ਕੱਢਿਆ ਗਿਆ ਜਿਸ ’ਚ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਨੂੰ ਗਰੀਨ ਸਕੂਲ ਘੋਸ਼ਿਤ ਕੀਤਾ ਗਿਆ। ਇਸ ਦਾ ਸਾਰਾ ਸਹਿਰਾ ਸਕੂਲ ਦੇ ਪ੍ਰਿੰਸੀਪਲ ਮੈਡਮ ਕਮਲਾ ਦੇਵੀ ਤੇ ਉਨਾਂ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ। ਜ਼ਿਲ੍ਹੇ ਦੇ ਈਕੋ ਕਲੱਬ ਕੋਆਰਡੀਨੇਟਰ ਤੇ ਸਕੂਲ ਦੇ ਸਾਇੰਸ ਮਾਸਟਰ ਰਾਜਨ ਕੁਮਾਰ ਗੋਇਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਜਸਵਿੰਦਰ ਸ਼ਰਮਾ ਨੂੰ ਦੱਸਿਆ ਕਿ ਇਸ ਸਫਲਤਾ ਦੇ ਪਿੱਛੇ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਦੇ ਜੁਆਇੰਟ ਡਾਇਰੈਕਟਰ ਡਾ. ਬਾਠ ਤੇ ਪ੍ਰੋਜੈਕਟ ਸਾਇੰਟਿਸਟ ਡਾ. ਮੰਦਾਕਨੀ ਠਾਕੁਰ ਦੀ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ। ਜਿਨ੍ਹਾਂ ਨੇ ਹਰ ਸਮੇਂ ਪੰਜਾਬ ਦੇ ਸਾਰੇ ਸਕੂਲਾਂ ਨਾਲ ਜੁੜ ਕੇ ਇਸ ਕੰਮ ਨੂੰ ਨੇਪਰੇ ਚਾੜਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਕਮਲਾ ਦੇਵੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਉਨਾਂ ਦੇ ਸਕੂਲ ਨੂੰ ਗਰੀਨ ਸਕੂਲ ਬਣਾਉਣ ’ਚ ਸਕੂਲ ਦੇ ਸਾਰੇ ਹੀ ਅਧਿਆਪਕਾਂ ਦਾ ਬਹੁਤ ਯੋਗਦਾਨ ਰਿਹਾ ਹੈ ਤੇ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀਆਂ ਗਾਈਡਲਾਈਨਜ਼ ਅਨੁਸਾਰ ਕੰਮ ਕਰਕੇ ਸਕੂਲ ਨੂੰ ਗਰੀਨ ਸਕੂਲ ’ਚ ਤਬਦੀਲ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਮਨਿਸਟਰੀ ਆਫ ਫੋਰੈਸਟ ਐਂਡ ਕਲਾਈਮੇਟ ਚੇਂਜ ਭਾਰਤ ਸਰਕਾਰ ਵੱਲੋਂ 30 ਜਨਵਰੀ 2026 ਨੂੰ ਇੰਡੀਆ ਹੈਬੀਟੈਟ ਸੈਂਟਰ ਨਵੀਂ ਦਿੱਲੀ ਵਿਖੇ ਸਕੂਲ ਦੇ ਸਾਇੰਸ ਅਧਿਆਪਕ ਮਾਸਟਰ ਰਾਜਨ ਕੁਮਾਰ ਗੋਇਲ ਨੂੰ ਸਨਮਾਨਿਤ ਕੀਤਾ ਜੋ ਕਿ ਸਕੂਲ ਲਈ ਤੇ ਜ਼ਿਲ੍ਹੇ ਲਈ ਇੱਕ ਮਾਣ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਪੰਜ ਸਕੂਲ ਗਰੀਨ ਸਕੂਲ ਘੋਸ਼ਿਤ ਕੀਤੇ ਗਏ ਹਨ।