ਬੁਕਿੰਗ ਦੇ 15 ਦਿਨਾਂ ਬਾਅਦ ਵੀ ਨਹੀਂ ਮਿਲ ਰਿਹਾ ਗੈਸ ਸਿਲੰਡਰ
ਬੁਕਿੰਗ ਦੇ 15 ਦਿਨਾਂ ਬਾਅਦ ਵੀ ਨਹੀਂ ਮਿਲ ਰਿਹਾ ਗੈਸ ਸਿਲੰਡਰ
Publish Date: Mon, 06 Apr 2026 08:07 PM (IST)
Updated Date: Mon, 06 Apr 2026 08:10 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਗੈਸ ਸਿਲੰਡਰ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਬੁਕਿੰਗ ਹੋਣ ਦੇ 10-15 ਦਿਨਾਂ ਬਾਅਦ ਵੀ ਲੋਕਾਂ ਨੂੰ ਗੈਸ ਸਿਲੰਡਰ ਨਹੀਂ ਮਿਲ ਰਿਹਾ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਸੋਮਵਾਰ ਨੂੰ ਮਾਤਾ ਭਾਗ ਕੌਰ ਪਾਰਕ ਦੇ ਸਾਹਮਣੇ ਸਥਿਤ ਪਨਸਪ ਗੈਸ ਏਜੰਸੀ ’ਚ ਆਏ ਲੋਕਾਂ ਨੇ ਗੈਸ ਸਿਲੰਡਰ ਨਾ ਮਿਲਣ ’ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਗੈਸ ਏਜੰਸੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉੱਥੇ ਹੀ, ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਨੇ ਦੱਸਿਆ ਕਿ ਬੁਕਿੰਗ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਗੈਸ ਸਿਲੰਡਰ ਨਹੀਂ ਦਿੱਤਾ ਜਾ ਰਿਹਾ ਅਤੇ ਲਗਾਤਾਰ ਚੱਕਰ ਕਟਵਾਏ ਜਾ ਰਹੇ ਹਨ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰ ਵਿੱਚ ਗੈਸ ਖ਼ਤਮ ਹੋਣ ਕਾਰਨ ਉਹ ਲੱਕੜਾਂ ’ਤੇ ਖਾਣਾ ਬਣਾਉਣ ਲਈ ਮਜਬੂਰ ਹਨ। ਬਜ਼ੁਰਗ ਮਹਿਲਾ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਸਿਲੰਡਰ ਲੈਣ ਲਈ ਅੱਜ ਸੱਤਵੀਂ ਵਾਰ ਗੈਸ ਏਜੰਸੀ ਆਈ ਹੈ, ਪਰ ਅੱਜ ਵੀ ਉਸਨੂੰ ਸਿਲੰਡਰ ਨਹੀਂ ਮਿਲਿਆ। ਪਹਿਲਾਂ ਕਾਪੀ ਰੀਨਿਊ ਕਰਵਾਉਣ ਲਈ ਕਿਹਾ ਗਿਆ, ਉਹ ਕਰਵਾਉਣ ਤੋਂ ਬਾਅਦ ਹੁਣ ਬੁਕਿੰਗ ਨਹੀਂ ਹੋ ਰਹੀ। ਪਿੰਡ ਥਾਂਦੇਵਾਲਾ ਦੇ ਨਿਵਾਸੀ ਕਿਰਪਾਲ ਸਿੰਘ ਨੇ ਦੱਸਿਆ ਕਿ ਕਰੀਬ 15 ਦਿਨਾਂ ਤੋਂ ਉਨ੍ਹਾਂ ਦੀ ਬੁਕਿੰਗ ਹੋਈ ਹੈ, ਪਰ ਜਦੋਂ ਵੀ ਏਜੰਸੀ ਆਉਂਦੇ ਹਨ ਤਾਂ ਗੈਸ ਖ਼ਤਮ ਹੋਣ ਦੀ ਗੱਲ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਏਜੰਸੀ ਸੰਚਾਲਕ ਗੈਸ ਬਲੈਕ ਵਿੱਚ ਵੇਚ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਏਜੰਸੀ ਦੇ ਗੋਦਾਮ ਦੀ ਚੈਕਿੰਗ ਕੀਤੀ ਜਾਵੇ। ਪਿੰਡ ਸੋਹਣਗੜ੍ਹ ਰੱਤੇਵਾਲਾ ਦੇ ਨਿਵਾਸੀ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਦੀ ਗੈਸ ਵਾਲੀ ਕਾਪੀ ਪਹਿਲਾਂ ਬਾਗ ਵਾਲੀ ਗਲੀ ਸਥਿਤ ਏਜੰਸੀ ਦੀ ਸੀ, ਜਿਸ ਨੂੰ ਟਰਾਂਸਫਰ ਕਰਵਾ ਕੇ ਮਾਤਾ ਭਾਗ ਕੌਰ ਪਾਰਕ ਦੇ ਸਾਹਮਣੇ ਵਾਲੀ ਏਜੰਸੀ ਵਿੱਚ ਭੇਜ ਦਿੱਤਾ ਗਿਆ ਹੈ। ਬੁਕਿੰਗ ਦੇ ਬਾਵਜੂਦ ਉਨ੍ਹਾਂ ਨੂੰ ਇੱਕ ਏਜੰਸੀ ਤੋਂ ਦੂਜੀ ਏਜੰਸੀ ਭੇਜ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਜਗਸੀਰ ਸਿੰਘ ਬਠਿੰਡਾ ਰੋਡ, ਮੁਕਤਸਰ ਨੇ ਦੱਸਿਆ ਕਿ 20 ਦਿਨਾਂ ਤੋਂ ਗੈਸ ਬੁਕਿੰਗ ਹੋਈ ਹੈ, ਪਰ ਏਜੰਸੀ ਵਾਲੇ ਸਿਲੰਡਰ ਨਹੀਂ ਦੇ ਰਹੇ। ਸਟਾਕ ਘੱਟ ਹੈ ਤੇ ਬੁਕਿੰਗ ਜ਼ਿਆਦਾ ਗੈਸ ਏਜੰਸੀ ਦੇ ਕੰਪਿਊਟਰ ਆਪਰੇਟਰ ਪਰਮਵੀਰ ਨੇ ਦੱਸਿਆ ਕਿ ਬੁਕਿੰਗ ਜ਼ਿਆਦਾ ਹੈ ਅਤੇ ਪਿੱਛੋਂ ਸਪਲਾਈ ਘੱਟ ਆ ਰਹੀ ਹੈ, ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਫਿਰ ਵੀ ਉਹ ਸਟਾਕ ਦੇ ਹਿਸਾਬ ਨਾਲ ਲੋਕਾਂ ਨੂੰ ਗੈਸ ਸਿਲੰਡਰ ਦੇ ਰਹੇ ਹਨ।