- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਦਾਤ ਦੀ ਨੀਅਤ ਨਾਲ ਬੈਠੇ ਚਾਰ ਨੌਜਵਾਨ ਤਿੰਨ ਪਿਸਟਲਾਂ ਤੇ ਜਿੰਦਾ ਰੋਂਦਾਂ ਸਮੇਤ ਕਾਬੂ

ਭੰਵਰਾ/ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਡੀਜੀਪੀ ਪੰਜਾਬ ਨਿਲਾਂਬਰੀ ਜਗਦਲੇ ਵਿਜੇ ਆਈਜੀ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਅਤੇ ਗੈਰਕਾਨੂੰਨੀ ਅਸਲੇ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸੇ ਲੜੀ ਤਹਿਤ ਐਸਪੀ (ਡੀ) ਮਨਮੀਤ ਸਿੰਘ ਢਿੱਲੋਂ ਅਤੇ ਡੀਐਸਪੀ (ਡੀ) ਰਛਪਾਲ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਮੁਖਤਿਆਰ ਸਿੰਘ ਇੰਚਾਰਜ ਸੀਆਈਏ ਸ੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਪਾਰਟੀ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ ਵਾਰਦਾਤ ਕਰਨ ਦੀ ਨੀਅਤ ਨਾਲ ਬੈਠੇ ਚਾਰ ਨੌਜਵਾਨਾਂ ਨੂੰ ਨਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਆਈਏ ਟੀਮ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਏਰੀਏ ’ਚ ਗਸਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰ ਰਹੀ ਸੀ ਕਿ ਇਸ ਦੌਰਾਨ ਮੁਖ਼ਬਰ ਖ਼ਾਸ ਵੱਲੋਂ ਭਰੋਸੇਯੋਗ ਸੂਚਨਾ ਮਿਲੀ ਕਿ ਕੁਝ ਨੌਜਵਾਨ ਪੁਲ ਸੂਆ ਬੂੜਾ ਗੁੱਜਰ ਰੋਡ ਨੇੜੇ ਲਾਂਬਾ ਫਾਰਮ ਕੋਲ, ਇੱਕ ਵਰਨਾ ਕਾਰ ’ਚ ਬੈਠ ਕੇ ਕਿਸੇ ਗੰਭੀਰ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ’ਚ ਹਨ। ਮਿਲੀ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਵਰਨਾ ਕਾਰ ਨੰਬਰ ਪੀਬੀ-04-ਏਬੀ-5304 (ਰੰਗ ਸਿਲਵਰ) ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਚਾਰਾਂ ਨੌਜਵਾਨਾਂ ਕੋਲੋਂ ਗੈਰਕਾਨੂੰਨੀ ਅਸਲਾ ਅਤੇ ਜਿੰਦਾ ਰੋਂਦ ਬਰਾਮਦ ਕੀਤੇ ਗਏ ਅਤੇ ਉਨ੍ਹਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਮੁਢਲੀ ਪੁਛਗਿਛ ਇੱਕ ਗੱਲ ਸਾਹਮਣੇ ਆਈ ਕਿ ਉਕਤ ਮੁਲਜ਼ਮਾਂ ਵੱਲੋਂ ਮਿਤੀ 07/01/ 2026 ਨੂੰ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਕੋਟਲੀ ਰੋਡ ’ਤੇ ਕਿਸੇ ਵਿਅਕਤੀ ਦੇ ਘਰ ਦੇ ਗੇਟ ’ਚ ਰਾਤ ਸਮੇਂ ਫਾਇਰਿੰਗ ਕਰਕੇ ਫਰਾਰ ਹੋ ਗਏ ਸਨ। ਇਨ੍ਹਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਹੋਰ ਵੀ ਡੂੰਘਾਈ ਨਾਲ ਤਫਤੀਸ਼ ਅਮਲ ’ਚ ਲਿਆਂਦੀ ਜਾਵੇਗੀ। ਫੜ੍ਹੇ ਗਏ ਵਿਅਕਤੀਆਂ ਪਾਸੋਂ 02 ਪਿਸਟਲ ਦੇਸੀ 32 ਬੋਰ 02 ਮੈਗਜ਼ੀਨ, 01 ਪਿਸਟਲ ਦੇਸੀ 30 ਬੋਰ ਸਮੇਤ ਮੈਗਜ਼ੀਨ, 06 ਜਿੰਦਾ ਰੋਂਦ 32 ਬੋਰ, 01 ਕਾਰ ਵਰਨਾ ਨੰਬਰੀ ਪੀਬੀ 04 ਏਬੀ 5304 ਬਰਾਮਦ ਹੋਈ। ਇਸ ਸਬੰਧ ’ਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਸੂਰਜ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸੁਰਗਾਪੁਰੀ ਬਸਤੀ, ਸ੍ਰੀ ਮੁਕਤਸਰ ਸਾਹਿਬ, ਕਰਮ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸੁਰਗਾਪੁਰੀ ਬਸਤੀ ਸ੍ਰੀ ਮੁਕਤਸਰ ਸਾਹਿਬ, ਅਤਿੰਦਰਪਾਲ ਸਿੰਘ ਉਰਫ ਬਾਬਾ ਪੁੱਤਰ ਹਰਚੰਦ ਸਿੰਘ ਵਾਸੀ ਚੱਕ ਸ਼ੇਰੇ ਵਾਲਾ ਅਤੇ ਹਰਪ੍ਰੀਤ ਸਿੰਘ ਉਰਫ ਗੌਰਵ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰੁਪਾਣਾ ਵਜੋਂ ਹੋਈ ਹੈ। ਮੁਲਜ਼ਮ ਸੂਰਜ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਥਾਣਾ ਜੰਡਿਆਲਾ ਗੁਰੂ ਅੰਮ੍ਰਿਤਸਰ ਰੂਲਰ, ਐਨਡੀਪੀਐਸ ਐਕਟ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਐਨਡੀਪੀਐਸ ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਅਤੇ ਆਰਮਸ ਐਕਟ ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮੇ ਦਰਜ ਹਨ। ਮੁਲਜ਼ਮ ਅਤਿੰਦਰਪਾਲ ਸਿੰਘ (ਬਾਬਾ) ’ਤੇ ਪਹਿਲਾਂ ਵੀ ਥਾਣਾ ਲੱਖੇਵਾਲੀ ਵਿਖੇ ਮੁਕੱਦਮਾ ਦਰਜ਼ ਹੈ। ਮੁਲਜ਼ਮ ਕਰਮ ਸਿੰਘ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਦੋ ਵੱਖ ਵੱਖ ਮੁਕੱਦਮੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ਼ ਹਨ।