ਅੱਗ ਲੱਗਣ ਕਾਰਨ ਚਾਰ ਏਕੜ ਕਣਕ ਸੜ ਕੇ ਸੁਆਹ
ਅੱਗ ਲੱਗਣ ਕਾਰਨ ਚਾਰ ਏਕੜ ਕਣਕ ਸੜ ਕੇ ਸੁਆਹ
Publish Date: Sun, 12 Apr 2026 04:17 PM (IST)
Updated Date: Mon, 13 Apr 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਪਿੰਡ ਕੋਠੇ ਢਾਬਾ ਕੋਟਲੀ ਅਬਲੂ ’ਚ ਅੱਗ ਲੱਗਣ ਕਾਰਨ ਚਾਰ ਏਕੜ ਕਣਕ ਸੜ ਕੇ ਸੁਆਹ ਹੋ ਗਈ। ਕਿਸਾਨ ਗਮਦੂਰ ਸਿੰਘ ਅਤੇ ਅਵਤਾਰ ਸਿੰਘ ਦੀ ਕਰੀਬ ਚਾਰ ਏਕੜ ਖੜੀ ਕਣਕ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਦੇਖਦੇ ਹੀ ਦੇਖਦੇ ਸੜਕੇ ਸੁਆਹ ਹੋ ਗਈ। ਅੱਗ ਦੀਆਂ ਉੱਚੀਆਂ ਲਪਟਾਂ ਨੇ ਨੇੜਲੇ ਖੇਤਰਾਂ ’ਚ ਵੀ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ। ਇਕੱਤਰ ਜਾਣਕਾਰੀ ਮੁਤਾਬਕ ਕਿਸਾਨ ਖੇਤ ’ਚ ਕੰਬਾਈਨ ਰਾਹੀਂ ਕਣਕ ਦੀ ਕਟਾਈ ਕਰ ਰਿਹਾ ਸੀ ਕਿ ਅਚਾਨਕ ਅੱਗ ਭੜਕ ਉੱਠੀ। ਅੱਗ ਦੇ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਸ਼ੀਨਰੀ ਵਿੱਚੋਂ ਨਿਕਲੀ ਚਿੰਗਾਰੀ ਜਾਂ ਤਕਨੀਕੀ ਖ਼ਰਾਬੀ ਇਸਦਾ ਕਾਰਨ ਹੋ ਸਕਦੀ ਹੈ। ਤੇਜ਼ ਹਵਾ ਦੇ ਕਾਰਨ ਅੱਗ ਨੇ ਥੋੜ੍ਹੇ ਹੀ ਸਮੇਂ ਵਿੱਚ ਭਿਆਨਕ ਰੂਪ ਧਾਰ ਲਿਆ ਅਤੇ ਵੱਡੇ ਖੇਤਰ ਨੂੰ ਆਪਣੀ ਲਪੇਟ ’ਚ ਲੈ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਦੋਦਾ ਤੋਂ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਤੁਰੰਤ ਪਹੁੰਚ ਗਈ। ਫਾਇਰਮੈਨ ਸੁਖਦਿੱਤਾ ਸਿੰਘ, ਮਨਦੀਪ ਸਿੰਘ ਅਤੇ ਹੋਰ ਕਰਮਚਾਰੀਆਂ ਨੇ ਮੁਸ਼ਕਲ ਹਾਲਾਤ ਦੇ ਬਾਵਜੂਦ ਜਲਦੀ ਕਾਰਵਾਈ ਕਰਦੇ ਹੋਏ ਅੱਗ ’ਤੇ ਕਾਬੂ ਪਾ ਲਿਆ। ਉਨ੍ਹਾਂ ਦੱਸਿਆ ਕਿ ਜੇ ਕੁਝ ਹੋਰ ਦੇਰ ਹੋ ਜਾਂਦੀ ਤਾਂ ਅੱਗ ਨੇ ਨੇੜਲੇ ਖੇਤਾਂ ਅਤੇ ਹੋਰ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਣਾ ਸੀ। ਇਸ ਅੱਗ ਕਾਰਨ ਕਿਸਾਨਾਂ ਦੀ ਸਾਰੀ ਖੜੀ ਫਸਲ ਤਬਾਹ ਹੋ ਗਈ, ਜਿਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਝਟਕਾ ਲੱਗਾ ਹੈ। ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਯੋਗ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਉਹ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਣ। ਪਿੰਡ ਵਾਸੀਆਂ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖੇਤਾਂ ’ਚ ਅੱਗ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਅਤੇ ਮਸ਼ੀਨਰੀ ਦੀ ਸਮੇਂ-ਸਮੇਂ ’ਤੇ ਜਾਂਚ ਯਕੀਨੀ ਬਣਾਈ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।