ਸੁਕੰਨਿਆ ਸਕੀਮ ਦਾ ਲਾਭ ਲੈਣ ਲਈ 3 ਸਾਲਾਂ ਤੋਂ ਦਫ਼ਤਰਾਂ ਦੇ ਚੱਕਰ ਲਗਾ ਰਿਹਾ ਸਾਬਕਾ ਸਰਪੰਚ
ਸੁਕੰਨਿਆ ਸਕੀਮ ਦਾ ਲਾਭ ਲੈਣ ਲਈ 3 ਸਾਲਾਂ ਤੋਂ ਦਫ਼ਤਰਾਂ ਦੇ ਚੱਕਰ ਲਗਾ ਰਿਹਾ ਸਾਬਕਾ ਸਰਪੰਚ
Publish Date: Wed, 11 Feb 2026 05:45 PM (IST)
Updated Date: Wed, 11 Feb 2026 05:47 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਕੇਂਦਰ ਸਰਕਾਰ ਦੀ ਸੁਕੰਨਿਆ ਸਕੀਮ ਦਾ ਲਾਭ ਲੈਣ ਲਈ ਕਰੀਬ 3 ਸਾਲ ਤੋਂ ਪਿੰਡ ਚੱਕ ਦੂਹੇਵਾਲਾ ਦਾ ਸਾਬਕਾ ਸਰਪੰਚ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜ਼ਬੂਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਪ੍ਰਣਾਮ ਸਿੰਘ ਨੇ ਦੱਸਿਆ ਕਿ ਉਸਦੀ ਬੇਟੀ ਹਰਗੁਣਪ੍ਰੀਤ ਕੌਰ ਦਾ ਜਨਮ ਸਾਲ 2023 ’ਚ ਹਲਕਾ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ’ਚ ਹੋਇਆ ਸੀ ਤੇ ਨਿਯਮਾਂ ਮੁਤਾਬਿਕ ਵਿਭਾਗੀ ਕਰਮਚਾਰੀਆਂ ਵੱਲੋਂ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਪੀਐਮ.ਵਾਈ ਅਧੀਨ ਸੁਕੰਨਿਆ ਸਮਰਿਧੀ ਸਕੀਮ ਦਾ ਲਾਭ ਦੁਆਉਣ ਲਈ ਫਾਰਮ ਅਪਲਾਈ ਕੀਤੇ ਗਏ ਸਨ। ਪਰ ਕਰੀਬ 3 ਸਾਲ ਦਾ ਸਮਾਂ ਬੀਤਣ ਦੇ ਬਾਅਦ ਵੀ ਉਨ੍ਹਾਂ ਨੂੰ ਇਸ ਸਕੀਮ ਅਧੀਨ ਮਿਲਣ ਵਾਲੇ ਰੁਪਈਆਂ ਦਾ ਲਾਭ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਹ 2023 ਤੋਂ ਹੀ ਲਗਾਤਾਰ ਸੀਡੀਪੀਓ ਦਫ਼ਤਰ, ਰੈੱਡ ਕਰਾਸ ਭਵਨ ’ਚ ਸਬੰਧਿਤ ਦਫ਼ਤਰ ਦੇ ਚੱਕਰ ਲਗਾ ਰਹੇ ਹਨ ਪਰ ਉਨ੍ਹਾਂ ਨੂੰ ਲਾਰਿਆਂ ਤੋਂ ਬਿਨ੍ਹਾਂ ਕੁਝ ਹਾਸਿਲ ਨਹੀਂ ਹੋਇਆ। ਇਸ ਮੌਕੇ ਪ੍ਰਣਾਮ ਸਿੰਘ ਨੇ ਵਿਭਾਗੀ ਕਾਰਗੁਜ਼ਾਰੀ ’ਤੇ ਸਵਾਲੀਆਂ ਨਿਸ਼ਾਨ ਲਗਾਉਂਦੇ ਹੋਏ ਲਾਹਪਰਵਾਹੀ ਦੇ ਦੋਸ਼ ਲਗਾਏ ਹਨ ਤੇ ਡਿਪਟੀ ਕਮਿਸ਼ਨਰ ਤੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ, ਉਨ੍ਹਾਂ ਕਿਹਾ ਕਿ ਜੇਕਰ ਇੱਕ ਜੁੰਮੇਵਾਰ ਨਾਗਰਿਕ ਸਾਬਕਾ ਸਰਪੰਚ ਵੱਲੋਂ ਲਗਾਤਾਰ ਦਫ਼ਤਰਾਂ ਦੇ ਚੱਕਰ ਲਗਾਏ ਜਾ ਰਹੇ ਹਨ ਤਾਂ ਫਿਰ ਆਮ ਬੰਦੇ ਦਾ ਤਾਂ ਰੱਬ ਹੀ ਰਾਖਾ ਹੈ। ਉਧਰ ਸੀਡੀਪੀਓ ਸੁਖਵੰਤ ਕੌਰ ਨੇ ਕਿਹਾ ਕਿ ਪਹਿਲਾਂ ਤਾਂ ਹਰਗੁਣਪ੍ਰੀਤ ਕੌਰ ਪੁੱਤਰੀ ਡਾ. ਪ੍ਰਣਾਮ ਸਿੰਘ ਦਾ ਕੇਸ ਵਰਕਰ ਦੀ ਆਈਡੀ ’ਚ ਸ਼ੋਅ ਹੀ ਨਹੀਂ ਕਰ ਰਿਹਾ ਸੀ, ਪਰ ਹੁਣ ਉਸ ਦਾ ਕੇਸ ਵਰਕਰ ਦੀ ਆਈਡੀ ’ਚ ਸ਼ੋਅ ਹੋ ਰਿਹਾ ਹੈ ਤੇ ਅਸੀਂ ਦੁਬਾਰਾ ਤੋਂ ਇੱਕ ਲੈਂਟਰ ਤਿਆਰ ਕਰਕੇ ਬੀਡੀਪੀਓ ਨੂੰ ਭੇਜ ਚੁੱਕੇ ਹਾਂ। ਜਲਦੀ ਹੀ ਇਨ੍ਹਾਂ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ।