- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਮੁਕਤਸਰ ਫੇਰੀ ਤੋਂ ਕਾਂਗਰਸ ’ਚ ਤੂਫਾਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਦੀ 12 ਜਨਵਰੀ ਨੂੰ ਮੇਲਾ ਮਾਘੀ ਦੇ ਸਬੰਧ ’ਚ ਇੱਥੋਂ ਦੇ ਟਕਸਾਲੀ ਕਾਂਗਰਸੀ ਆਗੂ ਪਰਮਜੀਤ ਸਿੰਘ ਬਿੱਲੂ ਸਿੱਧੂ ਦੇ ਘਰ ਕੀਤੀ ਫੇਰੀ ਤੋਂ ਕਾਂਗਰਸੀ ਪਾਰਟੀ ਅੰਦਰ ਉਠਿਆ ਤੂਫਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਹਿਲਾਂ ਤਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਸਾਥੀ ਮੁਕਤਸਰ ਦਿਹਾਤੀ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੰਧੂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਿਮਰਜੀਤ ਸਿੰਘ ਭੀਨਾ ਹੋਰਾਂ ਨੇ ਚੰਨੀ ਦੀ ਮੁਕਤਸਰ ਆਮਦ ’ਤੇ ਇਤਰਾਜ਼ ਕਰਦਿਆਂ ਇਸ ਸਬੰਧੀ ਕਾਂਗਰਸ ਹਾਈ ਕਮਾਂਡ ਨੂੰ ਸ਼ਿਕਾਇਤ ਕਰ ਦਿੱਤੀ ਤੇ ਇਸਦਾ ਪਤਾ ਲੱਗਣ ’ਤੇ ਮੁਕਤਸਰ ਦੀ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ, ਟਕਸਾਲੀ ਕਾਂਗਰਸੀ ਆਗੂ ਪਰਮਜੀਤ ਸਿੰਘ ਬਿੱਲੂ ਸਿੱਧੂ ਅਤੇ ਮੁਕਤਸਰ ਨਗਰ ਕੌਂਸਲ ਦੇ ਕਰੀਬ ਡੇਢ ਦਰਜਨ ਮੌਜੂਦਾ ਤੇ ਸਾਬਕਾ ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਉਨ੍ਹਾਂ ਚੰਨੀ ਦਾ ਰਸਮੀ ਸੁਆਗਤ ਕੀਤਾ ਸੀ ਅਤੇ ਚਾਹ ਪਾਣੀ ਸਾਂਝਾ ਕੀਤਾ ਸੀ। ਇਸ ਮੌਕੇ ਕੋਈ ਸਿਆਸੀ ਗੱਲਬਾਤ ਨਹੀਂ ਹੋਈ। ਬਿੱਲੂ ਸਿੱਧੂ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਦੀ ਕਾਂਗਰਸ ਪ੍ਰਤੀ ਵਫ਼ਦਾਰੀ ’ਤੇ ਸਵਾਲ ਖੜ੍ਹਾ ਕਰਨਾ ਡੂੰਘੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੁਕਤਸਰ ਵਿਧਾਨ ਸਭਾ ਦੀ ਚੋਣ ਵੇਲੇ ਉਨ੍ਹਾਂ ਦੇ ਘਰ ਹੀ ਕਾਂਗਰਸ ਪਾਰਟੀ ਦਾ ਮੁੱਖ ਦਫਤਰ ਬਣਦਾ ਹੈ। ਨਗਰ ਕੌਂਸਲ ਚੋਣਾਂ ਸਮੇਂ ਪਾਰਟੀ ਅਬਜ਼ਰਵਰ ਪਵਨ ਕੁਮਾਰ ਗੋਇਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਸੰਤ ਸਿੰਘ ਬਰਾੜ, ਹਰਚਰਨ ਸਿੰਘ ਸੋਥਾ, ਭਾਈ ਹਰਨਿਰਪਾਲ ਸਿੰਘ ਕੁੱਕੂ ਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਉਨ੍ਹਾਂ ਦੇ ਘਰ ਬੈਠਕੇ ਹੀ ਟਿਕਟਾਂ ਵੰਡੀਆਂ ਸਨ ਅਤੇ ਅੱਜ ਜੇਕਰ ਚੰਨੀ ਉਨ੍ਹਾਂ ਦੇ ਘਰ ਆਏ ਤਾਂ ਉਨ੍ਹਾਂ ਦੀ ਕਾਂਗਰਸ ਪ੍ਰਤੀ ਵਫ਼ਦਾਰੀ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਜੋ ਕਿ ਉਨ੍ਹਾਂ ਦਾ ਅਤੇ ਚੰਨੀ ਦਾ ਨਿਰਾਦਰ ਹੈ। ਉਨ੍ਹਾਂ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਪੜਤਾਲ ਕਰਵਾਈ ਜਾਵੇ। ਇਸੇ ਤਰ੍ਹਾਂ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਨੇ ਵੀ ਕਿਹਾ ਹੈ ਕਿ ਅਜਿਹੀਆਂ ਗੱਲਾਂਬਾਤਾਂ ਨਾ ਤਾਂ ਅਸਾਧਾਰਨ ਹਨ ਅਤੇ ਨਾ ਹੀ ਧੜੇਬੰਦੀ ਵਾਲੀਆਂ, ਇਹ ਸਾਡੀ ਲੋਕਤੰਤਰੀ ਰਾਜਨੀਤਕ ਪਾਰਟੀ ਦੇ ਅੰਦਰ ਸੰਗਠਨਾਤਮ ਗੱਲਬਾਤ ਦਾ ਇਕ ਆਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਨਗਰ ਕੌਂਸਲਰਾਂ ਦੀ ਮੌਜੂਦਗੀ ’ਤੇ ਇਤਰਾਜ ਕੀਤਾ ਜਾ ਰਿਹਾ ਹੈ, ਉਨ੍ਹਾਂ ਸਾਰਿਆਂ ਨੇ ਕਾਂਗਰਸ ਦੀਆਂ ਟਿਕਟਾਂ ’ਤੇ ਚੋਣਾਂ ਲੜੀਆਂ ਹਨ ਅਤੇ ਚੰਗੇ ਫਰਕ ਨਾਲ ਜਿੱਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਨੂੰ ਏਕਤਾ ਅਤੇ ਜ਼ਮੀਨੀ ਪੱਧਰ ’ਤੇ ਆਮ ਵਰਕਰਾਂ ਤੇ ਵੋਟਰਾਂ ਨਾਲ ਜੁੜਣ ਦੀ ਲੋੜ ਹੈ ਤਾਂ ਅਜਿਹੇ ਮੌਕੇ ਇਸ ਤਰ੍ਹਾਂ ਦੇ ਇਤਰਾਜ਼ ਉਠਾਉਣੇ ਸਾਂਝੇ ਉਦੇਸ਼ ਨੂੰ ਕਮਜ਼ੋਰ ਕਰਦਾ ਹੈ। ਇਸ ਮੌਕੇ ਜਗਮੀਤ ਸਿੰਘ ਗੋਰਾ, ਗੁਰਮੀਤ ਸਿੰਘ ਜੀਤਾ, ਜਗਮੀਤ ਸਿੰਘ ਜੱਗੀ, ਰਾਜਬੀਰ ਸਿੰਘ ਬਿੱਟਾ ਗਿੱਲ, ਗੁਰਸ਼ਰਨ ਸਿੰਘ ਸਰਨਾ, ਸਿਕੰਦਰ ਸਿੰਘ ਰਾਮਗੜ੍ਹੀਆ, ਸ਼ਮੀ ਕੁਮਾਰ, ਯਾਦਵਿੰਦਰ ਸਿੰਘ ਯਾਦੂ ਹੋਰੀਂ ਵੀ ਮੌਜੂਦ ਸਨ।