ਸਾਬਕਾ ਅਕਾਲੀ ਆਗੂ ਢਿੱਲੋਂ ਨੂੰ ਸਦਮਾ, ਜੀਜੇ ਦਾ ਦੇਹਾਂਤ
ਸਾਬਕਾ ਅਕਾਲੀ ਆਗੂ ਢਿੱਲੋਂ ਨੂੰ ਸਦਮਾ, ਜੀਜਾ ਸਵਰਗਵਾਸ
Publish Date: Sun, 01 Mar 2026 05:43 PM (IST)
Updated Date: Sun, 01 Mar 2026 05:43 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਦਫਤਰ ਸਕੱਤਰ ਚਰਨਜੀਤ ਸਿੰਘ ਢਿੱਲੋਂ ਦੇ ਜੀਜਾ ਹਰਦਿਆਲ ਸਿੰਘ ਮਾਂਗਟ (83) ਬੀਤੀ 25 ਫਰਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿੱਛੇ ਧਰਮ ਪਤਨੀ ਸੁਖਜੀਤ ਕੌਰ ਮਾਂਗਟ ਅਤੇ ਕੈਨੇਡਾ ਦੇ ਜੇਲ ਵਿਭਾਗ ’ਚ ਬਤੌਰ ਅਧਿਕਾਰੀ ਤਾਇਨਾਤ ਪੁੱਤਰ ਆਲਮਵੀਰ ਸਿੰਘ ਮਾਂਗਟ ਸਮੇਤ ਨੂੰਹ ਰਾਣੀ ਰਿਦਿਮਾ ਮਾਂਗਟ ਛੱਡ ਗਏ ਹਨ। ਸਥਾਨਕ ਮੁਹੱਲਾ ਬੁੱਧ ਵਿਹਾਰ ਨਿਵਾਸੀ ਅਤੇ ਬੁੱਧ ਵਿਹਾਰ ਵਿਕਾਸ ਕਮੇਟੀ ਦੇ ਸਰਗਰਮ ਅਤੇ ਸਹਿਯੋਗੀ ਮੈਂਬਰ, ਉੱਚ ਵਿਦਿਆ ਪ੍ਰਾਪਤ ਸਵ: ਹਰਦਿਆਲ ਸਿੰਘ ਮਾਂਗਟ ਨੇ ਕਰੀਬ ਸੱਠ ਸਾਲ ਪਹਿਲਾਂ ਰਾਜਸਥਾਨ ਦੇ ਅਜਮੇਰ ਸ਼ਹਿਰ ਤੋਂ ਸਿਵਿਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਪਰੰਤ ਉਹ ਰਾਜਸਥਾਨ ਸਰਕਾਰ ’ਚ ਬਤੌਰ ਸਿਵਲ ਇੰਜੀਨੀਅਰ ਨੌਕਰੀ ਕਰਦੇ ਰਹੇ। ਬਾਅਦ ’ਚ ਉਹ ਨਾਇਜੀਰੀਆ ਵਿੱਚ ਸੀਨੀਅਰ ਇੰਜੀਨੀਅਰ ਵਜੋਂ ਤਾਇਨਾਤ ਰਹੇ। ਬੁੱਧ ਵਿਹਾਰ ਵਿਕਾਸ ਕਮੇਟੀ ਦੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸਮੇਤ ਸੀਨੀਅਰ ਮੈਂਬਰ ਇੰਜ. ਅਸ਼ੋਕ ਕੁਮਾਰ ਭਾਰਤੀ, ਇੰਸ. ਗੁਰਮੇਲ ਸਿੰਘ ਬਰਾੜ, ਅਨਿਲ ਅਨੇਜਾ, ਮਹੇਸ਼ ਸ਼ਰਮਾ, ਰਾਕੇਸ਼ ਕੁਮਾਰ ਬਿੱਲੂ, ਇੰਜ. ਅਸ਼ੋਕ ਕੁਮਾਰ ਰਾਜੌਰੀਆ, ਹਰਪਾਲ ਸਿੰਘ ਸਦਿਓੜਾ ਅਤੇ ਮਦਨ ਲਾਲ ਜੇ.ਈ. ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮਾਂਗਟ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਿਕਰਯੋਗ ਹੈ ਕਿ ਸਵ: ਮਾਂਗਟ ਸਾਬਕਾ ਐਮਐਲਏ ਅਤੇ ਸੀਨੀਅਰ ਭਾਜਪਾ ਆਗੂ ਭਾਈ ਹਰਨਿਰਪਾਲ ਸਿੰਘ ਕੁੱਕੂ ਦੇ ਕਰੀਬੀ ਰਿਸ਼ਤੇਦਾਰ ਸਨ। ਸਵ: ਹਰਦਿਆਲ ਸਿੰਘ ਮਾਂਗਟ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 05 ਮਾਰਚ ਵੀਰਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਤੱਕ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਪਾਇਆ ਜਾਵੇਗਾ ਜਿਸ ਵਿੱਚ ਰਿਸ਼ਤੇਦਾਰ, ਸਾਕ ਸੰਬੰਧੀ ਅਤੇ ਹੋਰ ਪ੍ਰਮੁੱਖ ਵਿਅਕਤੀ ਸ਼ਰਧਾਂਜਲੀ ਭੇਟ ਕਰਨਗੇ।