ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਸੈਮੀਨਾਰ ਕਰਵਾਇਆ
ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਜੰਗਲੀ ਸੁਰੱਖਿਆ ਵਿਭਾਗ ਵੱਲੋਂ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ
Publish Date: Wed, 01 Apr 2026 06:38 PM (IST)
Updated Date: Wed, 01 Apr 2026 06:40 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਲੰਬੀ : ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਜੰਗਲੀ ਸੁਰੱਖਿਆ ਬਾਰੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ’ਚ ਅਨਿਲ ਕੁਮਾਰ ਭਾਰਦਵਾਜ਼ ਨੇ ਜੰਗਲ ਸੁਰੱਖਿਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸ੍ਰੀ ਭਾਰਦਬਾਜ਼ ਨੇ ਪਿਛਲੇ 40 ਸਾਲਾਂ ਤੋਂ ਜੰਗਲੀ ਜੀਵਨ ਦੀ ਸੁਰੱਖਿਆ ਬਾਰੇ ਕੰਮ ਕੀਤਾ। ਉਹ 1985 ’ਚ ਇੰਡੀਅਨ ਫੋਰੈਸਟ ਸਰਵਿਸ, ਕੇਰਲਾ ਕੇਡਰ ’ਚ ਭਰਤੀ ਹੋਏ ਤੇ 2018 ’ਚ ਕੇਰਲਾ ਤੋਂ ਚੀਫ ਕੰਜ਼ਰਵੇਟਰ ਆਫ ਫੋਰੈਸਟ, ਚੀਫ ਵਾਇਲਡ ਲਾਈਫ ਵਾਰਡਨ ਤੇ ਹੈਂਡ ਆਫ ਫੋਰੈਸਟ ਫੋਰਸ ਦੇ ਅਹੁਦੇ ਤੋਂ ਰਿਟਾਇਰ ਹੋਏ। ਪੇਰੀਅਰ ਟਾਈਗਰ ਰਿਜ਼ਰਵ ’ਚ ਡਾਇਰੈਕਟਰ ਵਜੋਂ ਵੀ ਤਾਇਨਾਤ ਰਹੇ। ਉਨਾਂ ਨੇ ਜੰਗਲਾਂ ’ਚ ਰਹਿਣ ਵਾਲੇ ਕਬੀਲਿਆਂ ਨੂੰ ਜੰਗਲ ਦੀ ਸੁਰੱਖਿਆ ਲਈ ਆਪਣੇ ਮਿਸ਼ਨ ’ਚ ਰਲਾ ਕੇ ਕੰਮ ਕੀਤਾ ਤਾਂ ਜੋ ਜੰਗਲੀ ਜੀਵਾਂ ਨੂੰ ਸੁਰੱਖਿਤ ਰੱਖਿਆ ਜਾ ਸਕੇ। ਉਨਾਂ ਦਾ ਮੁੱਖ ਨਿਸ਼ਾਨਾ ਲੋਕਾਂ ਨਾਲ ਸੰਪਰਕ ਬਣਾ ਕੇ ਜੈਵਿਕ ਵਿਭਿੰਨਤਾ ਦੀ ਸਾਂਭ ਸੰਭਾਲ, ਈਕੋ ਟੂਰੀਜਮ ਤੇ ਵੱਡੇ ਲੈਂਡ ਸਕੇਪਾਂ ਲਈ ਯੋਜਨਾਬੰਦੀ ਕਰਨਾ ਰਿਹਾ। ਉਨ੍ਹਾਂ ਨੇ ਦੱਸਿਆ ਕਿ ਉਹ ਦੇਸ਼ ਦੇ ਵੱਖੋ ਵੱਖਰੇ ਰਿਸਰਚ ਗਰੁੱਪਾਂ ਨਾਲ ਮਿਲ ਕੇ ਜੰਗਲੀ ਸੁਰੱਖਿਆ ’ਚ ਕੰਮ ਕਰ ਰਹੇ ਹਨ ਤੇ ਵਰਤਮਾਨ ਸਮੇਂ ਦੇਸ਼ ਦੀ ਹਾਥੀ ਰਿਜਰਵ ਕਮੇਟੀ ਦੇ ਮੈਂਬਰ ਦੇ ਤੌਰ ਤੇ ਸਰਗਰਮ ਹਨ। ਉਨਾਂ ਨੇ ਕਮਿਊਨਿਟੀ ਮੋਬਿਲਾਈਜੇਸ਼ਨ ਬਾਰੇ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਜੰਗਲ ਤੇ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਵਚਨਬੱਧ ਹੋਣਾ ਪਵੇਗਾ ਤਾਂ ਹੀ ਕੁਦਰਤੀ ਬਨਸਪਤੀ ਦੀ ਰੱਖਿਆ ਕਰ ਸਕਦੇ ਹਾਂ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਕਿ ਜੰਗਲੀ ਸੁਰੱਖਿਆ, ਵਾਤਾਵਰਣ ਸੰਰੱਖਣ ਤੇ ਜੈਵਿਕ ਵਿਭਿੰਨਤਾ ਨਾਲ ਜੁੜੇ ਖੇਤਰਾਂ ’ਚ ਅੱਜ ਦੇ ਸਮੇਂ ’ਚ ਵਿਸ਼ਾਲ ਪੱਧਰ ’ਤੇ ਪੜਾਈ ਤੇ ਖੋਜ ਦੇ ਮੌਕੇ ਉਪਲਬਧ ਹਨ। ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਫਾਰੇਸਟਰੀ, ਵਾਇਲਡਲਾਈਫ ਸਾਇੰਸ, ਐਨਵਾਇਰਨਮੈਂਟਲ ਸਟਡੀਜ਼ ਵਰਗੀਆਂ ਵਿਸ਼ਿਆਂ ’ਚ ਉੱਚ ਸਿੱਖਿਆ ਪ੍ਰਾਪਤ ਕਰਕੇ ਨਾ ਸਿਰਫ ਆਪਣਾ ਗਿਆਨ ਵਧਾ ਸਕਦੇ ਹਨ, ਸਗੋਂ ਇਸ ਖੇਤਰ ’ਚ ਇੱਕ ਮਜ਼ਬੂਤ ਕਰੀਅਰ ਵੀ ਬਣਾਉਣ ਦੇ ਯੋਗ ਬਣ ਸਕਦੇ ਹਨ। ਅੰਤ ’ਚ ਕਾਲਜ ਪ੍ਰਿੰਸੀਪਲ ਡਾ. ਐਸਐਸ ਸੰਘਾ, ਪ੍ਰਿੰਸੀਪਲ ਆਫ ਐਜੂਕੇਸ਼ਨ ਕਾਲਜ਼ ਡਾ. ਸਿਮਰਜੀਤ ਕੌਰ, ਗੁਰਚਰਨ ਸਿੰਘ ਸਿੱਧੂ, ਕਰਨਲ ਸੁਧਾਨਸ਼ੂ ਆਰਿਆ, ਕਾਲਜ ਸਟਾਫ ਤੇ ਬੀਐਡ ਸਟਾਫ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ।