ਜਨਤਕ ਜਥੇਬੰਦੀਆਂ ਵੱਲੋਂ ਛੇਵੇਂ ਦਿਨ ਵੀ ਝੰਡਾ ਫਲੈਗ ਮਾਰਚ ਰਿਹਾ ਜਾਰੀ
ਜਨਤਕ ਜਥੇਬੰਦੀਆਂ ਵੱਲੋਂ ਛੇਵੇਂ ਦਿਨ ਵੀ ਝੰਡਾ ਫਲੈਗ ਮਾਰਚ ਰਿਹਾ ਜਾਰੀ
Publish Date: Fri, 02 Jan 2026 07:03 PM (IST)
Updated Date: Fri, 02 Jan 2026 07:05 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਗਿੱਦੜਬਾਹਾ ਇਲਾਕੇ ਦੀਆਂ ਜਥੇਬੰਦੀਆਂ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਦੀਆਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਜਗੀਰਦਾਰਾਂ ਪੱਖੀ ਅਤੇ ਮਜ਼ਦੂਰ ਕਿਸਾਨ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਤੇ ਲਾਮਬੰਦ ਕਰਨ ਲਈ ਪਿੰਡ ਪਿੰਡ ਛੇਵੇਂ ਦਿਨ ਵੀ ਝੰਡਾ ਫਲੈਗ ਮਾਰਚ ਕੀਤਾ ਗਿਆ। ਇਸ ਮਾਰਚ ਦੀ ਸ਼ੁਰੂਆਤ ਪਿੰਡ ਮੱਲਣ ਤੋਂ ਕਰਕੇ ਕੋਠੇ ਢਾਬਾਂ, ਕੋਠੇ ਚੀਦਿਆਂ ਵਾਲ਼ੇ, ਕੋਠੇ ਬਰੜੇਵਾਲੇ, ਕੋਠੇ ਕੇਸਰ ਸਿੰਘ ਵਾਲੇ ਕੋਠੇ ਨਾਈ ਵਾਲੇ (ਕੋਟਲੀ) ਪਿੰਡ ਕੋਟਲੀ ਅਬਲੂ, ਕੋਠੇ ਹਜੂਰੇ ਵਾਲੇ ਕੋਠੇ ਫਮਨ ਸਿੰਘ ਵਾਲੇ (ਕੋਟਲੀ) ਕੋਠੇ ਅਮਨਗੜ੍ਹ ਮੱਲਣ ਧੂਲਕੋਟ ਆਦਿ ਪਿੰਡਾਂ ਵਿਚ ਫਲੈਗ ਮਾਰਚ ਕੀਤਾ ਗਿਆ। ਵੱਖ-ਵੱਖ ਥਾਵਾਂ ’ਤੇ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਸਹਾਇਕ ਸਕੱਤਰ ਤੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਖੇਤਰ ਦਾ ਮੁਕੰਮਲ ਨਿੱਜੀਕਰਨ ਕਰਕੇ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਤੇ ਗਰੀਬ ਲੋਕਾਂ ਦੇ ਘਰਾਂ ਵਿੱਚ ਹਨੇਰਾ ਕਰਨ ਜਾ ਰਹੀ ਹੈ। ਉਨਾਂ ਆਖਿਆ ਕਿ ਮੋਦੀ ਸਰਕਾਰ ਬੀਜ ਸੋਧ ਬਿੱਲ ਰਾਹੀਂ ਖੇਤੀ ਖੇਤਰ ਵਿੱਚ ਸਾਮਰਾਜੀ ਕਾਰਪੋਰੇਟ ਘਰਾਣਿਆਂ ਦਾ ਮੁਕੰਮਲ ਕਬਜ਼ਾ ਕਰਵਾ ਰਹੀ ਹੈ। ਮਨਰੇਗਾ ਨੂੰ ਖ਼ਤਮ ਕਰਕੇ ਗਰੀਬਾਂ ਦੇ ਚੁੱਲ੍ਹੇ ਠੰਢੇ ਕਰ ਰਹੀ ਹੈ। ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਮਜ਼ਦੂਰ ਵਰਗ ਨੂੰ ਮਿਲਦੀ ਨਾਂਮਾਤਰ ਸੁਰੱਖਿਆ ਦਾ ਭੋਗ ਪਾਉਣ ਵਰਗੀਆਂ ਨੀਤੀਆਂ ਲਾਗੂ ਕਰ ਰਹੀ ਹੈ। ਭਾਕਿਯੂ ਮਾਲਵਾ ਦੇ ਕੁਲਵੀਰ ਸਿੰਘ ਧੂਲਕੋਟ, ਕੌਮੀ ਕਿਸਾਨ ਯੂਨੀਅਨ ਦੇ ਰਾਜਿੰਦਰ ਸਿੰਘ ਦੂਹੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਾਜ਼ ਸਿੰਘ ਭੁੱਟੀਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਾਲ ਕਦਮ ਤਾਲ ਕਰਦੀ ਹੋਈ ਭਗਵੰਤ ਮਾਨ ਸਰਕਾਰ ਵੀ ਲੋਕਾਂ ਦੇ ਆਰਥਿਕ ਹਿੱਤਾਂ ਦੇ ਨਾਲ ਨਾਲ ਜਮੂਹਰੀ ਹੱਕਾਂ ਦਾ ਘਾਣ ਕਰ ਰਹੀ ਹੈ ਅਤੇ ਸੰਘਰਸ਼ਸ਼ੀਲ ਆਗੂਆਂ ਵਰਕਰਾਂ ਤੇ ਝੂਠੇ ਕੇਸ ਬਣਾ ਕੇ ਜੇਲ੍ਹਾਂ ਚ ਡੱਕ ਰਹੀ ਹੈ। ਉਨਾਂ ਆਖਿਆ ਕਿ ਆਪ ਸਰਕਾਰ ਚੋਣਾਂ ਮੌਕੇ ਕੀਤੇ ਵਾਅਦੇ ਲਾਗੂ ਕਰਨ ਦੀ ਥਾਂ ਜਨਤਕ ਜਾਇਦਾਦਾਂ ਵੇਚਣ ਦਾ ਕੁਕਰਮ ਕਰ ਰਹੀ ਹੈ। ਉਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਇਹਨਾਂ ਕਾਨੂੰਨਾਂ ਖਿਲਾਫ਼ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ’ਚ ਸ਼ਾਮਲ ਹੋਣ ਅਤੇ ਮਜ਼ਦੂਰ ਜਥੇਬੰਦੀਆਂ ਦੇ ਸੱਦੇ ਤੇ 6 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦਿੱਤੇ ਜਾ ਰਹੇ ਧਰਨੇ ’ਚ ਪ੍ਰੀਵਾਰਾਂ ਸਮੇਤ ਸ਼ਾਮਲ ਹੋਣ। ਇਸ ਮੌਕੇ ਬਲਾਕ ਗਿੱਦੜਬਾਹਾ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂਲਕੋਟ ਭੋਲਾ ਸਿੰਘ ਬੁੱਟਰ ਸਰੀਂਹ, ਜਸਵੀਰ ਸਿੰਘ ਪੱਪਲਾ ਦੋਦਾ ਬਿੱਕਰ ਸਿੰਘ ਸੇਵਾ ਸਿੰਘ ਭਲਾਈਆਣਾ ਰਾਜੂ ਸਿੰਘ ਮੱਲਣ, ਜਗਸੀਰ ਸਿੰਘ ਖਾਲਸਾ, ਜੀਤ ਸਿੰਘ, ਬੋਹੜ ਸਿੰਘ ਕੋਟਲੀ, ਰਣਜੀਤ ਸਿੰਘ ਖਾਲਸਾ ਬੁੱਟਰ ਬਖੂਹਾ, ਅੰਗਰੇਜ਼ ਸਿੰਘ, ਦਲਜੀਤ ਸਿੰਘ ਦੂਹੇਵਾਲਾ, ਗੁਰਦੀਪ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ, ਰਾਜਾ ਸਿੰਘ, ਮੱਖਣ ਸਿੰਘ ਚੱਕ ਗਿਲਜੇਵਾਲਾ, ਦਵਿੰਦਰ ਸਿੰਘ, ਰਾਜਾ ਸਿੰਘ ਮਹਿਰਾਜ ਵਾਲਾ ਆਦਿ ਵੱਡੀ ਗਿਣਤੀ ਕਿਸਾਨ ਮਜ਼ਦੂਰ ਮੁਲਾਜ਼ਮ ਹਾਜ਼ਰ ਸਨ।