- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਸੋਧ ਬਿੱਲ, ਬੀਜ ਬਿਲ 2025 ਤੇ ਚਾਰ ਲੇਬਰ ਕੋਡ ਕਾਨੂੰਨ ਵਿਰੁੱਧ ਜਥੇਬੰਦੀਆਂ ਵੱਲੋਂ ਝੰਡਾ ਮਾਰਚ ਪੰਜਵੇਂ ਦਿਨ ਵੀ ਜਾਰੀ

-16 ਜਨਵਰੀ ਨੂੰ ਡੀਸੀ ਦਫ਼ਤਰਾਂ ਅੱਗੇ ਧਰਨੇ ਦੇਣ ਦਾ ਐਲਾਨ
ਦਵਿੰਦਰ ਬਾਘਲਾ, ਪੰਜਾਬੀ ਜਾਗਰਣ
ਦੋਦਾ : ਸੰਯੁਕਤ ਕਿਸਾਨ ਮੋਰਚਾ ਭਾਰਤ ਤੇ ਜਨਤਕ ਜਥੇਬੰਦੀਆਂ ਦੇ ਸੱਦੇ ਤੇ ਬਲਾਕ ਗਿੱਦੜਬਾਹਾ ਦੀਆਂ ਜਥੇਬੰਦੀਆਂ ਵੱਲੋਂ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਕੌਮੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਰਾਜਿੰਦਰ ਸਿੰਘ ਦੂਹੇਵਾਲਾ ਦੀ ਅਗਵਾਈ ਹੇਠ ਪਿੰਡ ਦੂਹੇਵਾਲਾ ਵਿਖੇ ਇਕੱਠੇ ਹੋ ਕੇ ਜਿਸ ਵਿੱਚ ਵੱਖ-ਵੱਖ ਕਿਸਾਨ ਮਜ਼ਦੂਰ, ਮੁਲਾਜ਼ਮ, ਠੇਕਾ ਕਰਮੀ ਜੱਥੇਬੰਦੀਆਂ ਨੇ ਝੰਡਾ ਮਾਰਚ ’ਚ ਸ਼ਮੂਲੀਅਤ ਕਰਕੇ ਬਿਜਲੀ ਬਿੱਲ 2025 ਤੇ ਬੀਜ ਬਿੱਲ 2025 ਨੂੰ ਵਾਪਸ ਲੈਣ, ਜਨਤਕ ਖੇਤਰ ਦੇ ਨਿੱਜੀਕਰਨ ਅਤੇ ਸਰਕਾਰੀ ਤੇ ਜਨਤਕ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਵਿਰੁੱਧ ਅਤੇ ਚਾਰ ਲੇਬਰ ਕੋਡ ਰੱਦ ਕਰਵਾਉਣ ਲਈ ਇੱਕ ਵੱਡੀ ਜਨਤਕ ਲਾਮਬੰਦੀ ਕਰਦੇ ਹੋਏ ਸੰਘਰਸ਼ ਤੇਜ਼ ਕਰਦਿਆਂ ਪਿੰਡ ਕਾਉਣੀ, ਧੂਲਕੋਟ, ਗੂੜ੍ਹੀ ਸੰਘਰ, ਵਾੜਾ ਕਿਸ਼ਨਪੁਰਾ ਸੂਰੇਵਾਲਾ, ਹਰੀਕੇ ਕਲਾਂ, ਭੁੱਟੀਵਾਲਾ, ਖਿੜਕੀਆਂ ਵਾਲਾ, ਆਸਾ ਬੁੱਟਰ ਤੱਕ ਹਰ ਤਰ੍ਹਾਂ ਦੇ ਵਹੀਕਲ ਮੋਟਰਸਾਈਕਲ ਪੇਅਕੱਪ ਗੱਡੀਆਂ ਕਾਰਾਂ ਰਾਹੀਂ ਝੰਡਾ ਮਾਰਚ ਕਰਕੇ ਜਨਤਕ ਲਾਮਬੰਦੀ ਕੀਤੀ ਗਈ।
ਇਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਕੌਮੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਰਾਜਿੰਦਰ ਸਿੰਘ ਦੂਹੇਵਾਲਾ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਸਹਾਇਕ ਸਕੱਤਰ, ਬਲਾਕ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ, ਭਾਕਿਯੂ ਮਾਲਵਾ ਦੇ ਕੁਲਵੀਰ ਸਿੰਘ ਧੂਲਕੋਟ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਾਜ ਸਿੰਘ ਭੁੱਟੀਵਾਲਾ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਨੂੰ ਜਨਤਕ ਸੇਵਾ ਦੀ ਥਾਂ ਮੰਡੀ ਦੀ ਵਸਤੂ ਬਣਾਉਣ ਦੇ ਇਰਾਦੇ ਨਾਲ ਲਿਆਂਦੇ ਜਾ ਰਹੇ ਬਿਜਲੀ ਬਿੱਲ 2025 ਨੂੰ ਆਮ ਲੋਕਾਂ ਵਿਰੁੱਧ ਮੋਦੀ ਸਰਕਾਰ ਵੱਲੋਂ ਵਿੱਢੇ ਕਾਰਪੋਰੇਟ ਪੱਖੀ ਹਮਲੇ ਦੀ ਅਗਲੀ ਕੜੀ ਵਜੋਂ ਸਮਝਦਿਆਂ ਇਸ ਨੂੰ ਵਾਪਸ ਕਰਵਾਉਣ ਲਈ ਜਨਤਕ ਲਾਮਬੰਦੀ ਵੱਡੇ ਪੱਧਰ ਤੇ ਵਿੱਢੀ ਜਾਵੇਗੀ। ਜਿਸ ਤਹਿਤ 28 ਦਸੰਬਰ ਤੋਂ 4 ਜਨਵਰੀ ਤੱਕ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ’ਚ ਮੋਟਰਸਾਈਕਲ ਮਾਰਚ, ਝੰਡਾ ਤੇ ਢੋਲ ਮਾਰਚ ਜਾਗੋ, ਰੈਲੀਆਂ ਮੀਟਿੰਗਾਂ ਅਤੇ ਮੁਜ਼ਾਹਰੇ ਕਰਕੇ ਜਨਤਕ ਮੁਹਿੰਮ ਭਖਾਉਣ ਦਾ ਸੱਦਾ ਦਿੱਤਾ ਦੇ ਨਾਲ ਨਾਲ 16 ਜਨਵਰੀ ਨੂੰ ਡੀਸੀ ਦਫਤਰਾਂ ਉੱਪਰ ਇੱਕ ਦਿਨ ਦੇ ਵਿਸ਼ਾਲ ਧਰਨੇ ਦੇਣ ਦਾ ਐਲਾਨ ਵੀ ਕੀਤਾ ਗਿਆ। ਮਾਰਚ ਦੌਰਾਨ ਕਰ ਮੁਕਤ ਸਮਝੌਤਾ,ਚਾਰ ਲੇਬਰ ਕੋਡ ਕਾਨੂੰਨ ਰੱਦ ਕਰਨ, ਸਰਕਾਰੀ ਅਤੇ ਜਨਤਕ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ, ਨਵਾਂ ਮਨਰੇਗਾ ਕਾਨੂੰਨ ਬਣਾਉਣ ਵਿਰੁੱਧ ਵੀ ਆਵਾਜ਼ ਚੁੱਕਣ ਦਾ ਫੈਸਲਾ ਕੀਤਾ ਗਿਆ। ਉਨਾਂ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਬਿਜਲੀ ਸੋਧ ਬਿੱਲ ਅਤੇ ਬੀਜ ਬਿਲ 2025 ਵਿਰੁੱਧ ਧਾਰੀ ਚੁੱਪ ਹੋਈ ਹੈ।
ਪੰਜਾਬ ਸਰਕਾਰ ਦੀ ਚੁੱਪ ਨੂੰ ਕੇਂਦਰ ਸਰਕਾਰ ਦੇ ਕਾਰਪੋਰੇਟ ਪੱਖੀ ਲੋਕ ਵਿਰੋਧੀ ਕਦਮਾਂ ਦੀ ਪੈੜ ਚ ਪੈਰ ਧਰਨ ਦੇ ਸਮਾਨ ਕਦਮ ਕਰਾਰ ਦਿੱਤਾ। ਮਾਰਚ ਦੌਰਾਨ ਕੱਲ੍ਹ ਦਿੱਲੀ ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲੌਦ ਦੀ ਗਿਰਫਤਾਰੀ ਦੀ ਨਿਖੇਧੀ ਵੀ ਕੀਤੀ। ਇਸ ਮੌਕੇ ਅਜੈਬ ਸਿੰਘ ਮੱਲਣ, ਹਰਪਾਲ ਸਿੰਘ ਚੀਮਾ ਧੂਲਕੋਟ, ਭੋਲਾ ਸਿੰਘ ਬੁੱਟਰ ਸਰੀਂਹ, ਜਗਰਾਜ ਸਿੰਘ, ਗੁਰਮੇਲ ਸਿੰਘ ਸੁਖ਼ਨਾ, ਸੇਵਾ ਸਿੰਘ ਭਲਾਈਆਣਾ, ਜਗਸੀਰ ਸਿੰਘ ਖਾਲਸਾ, ਜੀਤ ਸਿੰਘ, ਬੋਹੜ ਸਿੰਘ ਕੋਟਲੀ, ਅੰਗਰੇਜ਼ ਸਿੰਘ ਦੂਹੇਵਾਲਾ, ਗੁਰਦੀਪ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘ ਚੱਕ ਗਿਲਜੇਵਾਲਾ, ਗੁਰਚਰਨ ਸਿੰਘ, ਰਾਮ ਸਿੰਘ, ਸੁਖਵੰਤ ਸਿੰਘ ਬਾਦੀਆਂ ਆਦਿ ਵੱਡੀ ਗਿਣਤੀ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਹਾਜ਼ਰ ਸਨ।