ਜਾਗਰੂਕਤਾ ਪੰਦਰਵਾੜੇ ਤਹਿਤ ਵਿੱਤੀ ਸਾਖਰਤਾ ਕੈਂਪ ਲਗਾਇਆ
ਜਾਗਰੂਕਤਾ ਪਖਵਾੜੇ ਮੌਕੇ ਵਿੱਤੀ ਸਾਖਰਤਾ ਕੈਂਪ ਆਯੋਜਿਤ
Publish Date: Mon, 16 Feb 2026 05:38 PM (IST)
Updated Date: Mon, 16 Feb 2026 05:42 PM (IST)

ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ ਗਿੱਦੜਬਾਹਾ : ਬੀਤੇ ਦਿਨੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ’ਚ ਜਾਗਰੂਕਤਾ ਪਖਵਾੜਾ ਦੇ ਮੌਕੇ ’ਤੇ ਵਿੱਤੀ ਸਾਖਰਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਆਯੋਜਨ ਅਰੋਹ ਫਾਊਂਡੇਸ਼ਨ ਦੀ ਏਐਫਸੀ ਹਰਪ੍ਰੀਤ ਕੌਰ ਤੇ ਐਸਬੀਆਈ ਆਰਐਸਈਟੀਆਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਾਇਰੈਕਟਰ ਮਨਜੀਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਬੈਂਕਿੰਗ ਪ੍ਰਣਾਲੀ ਤੇ ਵਿੱਤੀ ਸੇਵਾਵਾਂ ਬਾਰੇ ਜਾਗਰੂਕ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਨੂੰ ਬੈਂਕਾਂ ’ਚ ਵਿਦਿਆਰਥੀਆਂ ਤੇ ਬੱਚਿਆਂ ਲਈ ਚੱਲਦੇ ਵੱਖ-ਵੱਖ ਬੱਚਤ ਖਾਤਿਆਂ, ਜ਼ੀਰੋ ਬੈਲੈਂਸ ਖਾਤਿਆਂ ਤੇ ਸਕਾਲਰਸ਼ਿਪ ਸਬੰਧੀ ਖਾਤਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਬੈਂਕ ਖਾਤਾ ਖੋਲ੍ਹਣ ਨਾਲ ਬੱਚਿਆਂ ’ਚ ਬੱਚਤ ਦੀ ਆਦਤ ਵਿਕਸਤ ਹੁੰਦੀ ਹੈ ਤੇ ਉਹ ਆਪਣੀ ਆਰਥਿਕ ਯੋਜਨਾ ਬਣਾਉਣਾ ਸਿੱਖਦੇ ਹਨ। ਇਸ ਤੋਂ ਇਲਾਵਾ ਬੈਂਕਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਵਿਸ਼ੇਸ਼ ਸੇਵਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਤੇ ਵਿਦਿਆਰਥੀਆਂ ਨੂੰ ਵਿੱਤੀ ਧੋਖਾਧੜੀ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਬਾਰੇ ਵੀ ਸੁਚੇਤ ਕੀਤਾ ਤੇ ਸਮਝਾਇਆ ਕਿ ਕਿਸੇ ਵੀ ਅਣਜਾਣ ਕਾਲ ਜਾਂ ਲਿੰਕ ਰਾਹੀਂ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਸਕੂਲ ਦੀ ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਨੇ ਅਰੋਹ ਫਾਊਂਡੇਸ਼ਨ ਤੇ ਐਸਬੀਆਈ ਆਰਐਸਈਟੀਆਈ ਦੀ ਟੀਮ ਦਾ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਜਾਣਕਾਰੀ ਭਰਪੂਰ ਕੈਂਪ ਵਿਦਿਆਰਥੀਆਂ ਨੂੰ ਆਰਥਿਕ ਤੌਰ ’ਤੇ ਸਚੇਤ ਤੇ ਆਤਮ ਨਿਰਭਰ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿੱਤੀ ਸਾਖਰਤਾ ਸਮੇਂ ਦੀ ਲੋੜ ਹੈ ਤੇ ਸਕੂਲ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਕਾਰਜਕ੍ਰਮ ਕਰਵਾਉਂਦਾ ਰਹੇਗਾ ਤਾਂ ਜੋ ਵਿਦਿਆਰਥੀ ਆਪਣੀ ਜ਼ਿੰਦਗੀ ’ਚ ਸਹੀ ਆਰਥਿਕ ਫ਼ੈਸਲੇ ਲੈ ਸਕਣ। ਇਸ ਮੌਕੇ ਸਕੂਲ ਦੇ ਐਕਟੀਵਿਟੀ ਇੰਚਾਰਜ ਮਨਦੀਪ ਕੌਰ ਤੇ ਪੂਨਮ ਰਾਣੀ ਮੌਜੂਦ ਰਹੇ।