ਮੰਗਾਂ ਨੂੰ ਲੈ ਕੇ ਬੀਕੇਯੂ ਕਾਦੀਆਂ ਨੇ ਕਿਸਾਨ ਪੰਚਾਇਤ ਲਗਾਈ
ਭਾਰਤੀ ਕਿਸਾਨ ਯੂਨੀਅਨ ਰਜਿ. ਕਾਦੀਆਂ ਵੱਲੋਂ ਕਿਸਾਨ ਪੰਚਾਇਤ ਦਾ ਆਯੋਜਨ
Publish Date: Fri, 13 Mar 2026 05:51 PM (IST)
Updated Date: Fri, 13 Mar 2026 05:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਭਾਰਤੀ ਕਿਸਾਨ ਯੂਨੀਅਨ ਰਜਿ. ਕਾਦੀਆਂ ਦੇ ਮਲੋਟ ਅਤੇ ਲੰਬੀ ਬਲਾਕ ਵੱਲੋਂ ਪਿੰਡ ਸਰਾਵਾਂ ਬੋਦਲਾ ਵਿਖੇ ਇੱਕ ਕਿਸਾਨ ਪੰਚਾਇਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੌਮੀ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਕੌਮੀ ਜਨਰਲ ਸਕੱਤਰ ਜਗਦੇਵ ਸਿੰਘ ਕਾਨਿਆਂਵਾਲੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕੌਮੀ ਪ੍ਰਧਾਨ ਨੇ ਕਿਹਾ ਕਿ ਅੱਜ ਦੀ ਕਿਸਾਨ ਪੰਚਾਇਤ ’ਚ ਭਾਰਤ ਅਮਰੀਕਾ ਵਪਾਰਕ ਸਮਝੌਤਾ ਰੱਦ ਕਰਵਾਉਣ ਤੋਂ ਇਲਾਵਾ ਬਿਜਲੀ ਸੋਧ ਬਿੱਲ ਦਾ ਵਿਰੋਧ ਅਤੇ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕਰਨ ਦੇ ਨਾਲ ਨਾਲ ਨਕਲੀ ਦੁੱਧ ਦੀ ਵਿਕਰੀ ਨੂੰ ਬੰਦ ਕਰਵਾਉਣਾ ਵੀ ਉਨ੍ਹਾਂ ਦਾ ਮੁੱਖ ਨਿਸ਼ਾਨਾ ਹੈ। ਪ੍ਰਧਾਨ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਸਹਿਕਾਰੀ ਅਤੇ ਹੋਰ ਬੈਂਕਾਂ ਦੇ ਕਰਜੇ ਮਾਫ ਕੀਤੇ ਜਾਣ। ਉਨ੍ਹਾਂ ਸੀਡ ਬਿੱਲ ਦਾ ਵਿਰੋਧ ਕਰਦਿਆਂ ਮਨਰੇਗਾ ਮਜ਼ਦੂਰਾਂ ਦੇ ਹੱਕ ’ਚ ਵੀ ਆਵਾਜ਼ ਬੁਲੰਦ ਕੀਤੀ। ਸੂਬਾ ਪ੍ਰਧਾਨ ਨੇ ਮੰਗ ਕੀਤੀ ਕਿ ਨਹਿਰੀ ਪਾਣੀ ਦੀ ਨਿਰਵਿਘਨ ਸਪਲਾਈ ਪੂਰਾ ਸਾਲ ਜਾਰੀ ਰੱਖੀ ਜਾਵੇ ਅਤੇ ਖੇਤਾਂ ਦੀਆਂ ਮੋਟਰਾਂ ਤੇ ਟਰਾਂਸਫਾਰਮਰਾਂ ਨੂੰ ਚੋਰੀ ਕਰਨ ਵਾਲੇ ਅਨਸਰਾਂ ਵਿਰੁੱਧ ਸਖਤੀ ਨਾਲ ਕਾਰਵਾਈ ਹੋਵੇ। ਇਸ ਦੇ ਨਾਲ ਹੀ ਪ੍ਰਧਾਨ ਨੇ ਕਿਹਾ ਕਿ ਜਿਸ ਢੰਗ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਕਿਸਾਨ ਜਥੇਬੰਦੀਆਂ ਨੇ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ ਅਤੇ ਅੱਜ ਵੀ ਵੱਖ-ਵੱਖ ਜਥੇਬੰਦੀਆਂ ਹਰ ਇੱਕ ਪਿੰਡ ’ਚ ਪੁੱਜ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਅਤੇ ਕੇਂਦਰ ਸਰਕਾਰ ਵੱਲੋਂ ਪ੍ਰਾਈਵੇਟ ਲੋਕਾਂ ਨੂੰ ਜੋ ਤਾਕਤ ਦੇ ਕੇ ਕਿਸਾਨ ਨਾਂ ਦੀ ਲੁੱਟ ਦੇ ਰਾਹ ਪੱਧਰੇ ਕੀਤੇ ਜਾ ਰਹੇ ਹਨ ਉਨ੍ਹਾਂ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ’ਚ ਪਾਰਟੀਬਾਜੀ ਵਾਲੀ ਕੋਈ ਗੱਲ ਨਹੀਂ ਸਗੋਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਦਿੱਲੀ ਵਿਖੇ ਲਾ ਮਿਸਾਲ ਇਕੱਠ ਕਰਕੇ ਸਾਰੀ ਦੁਨੀਆ ਨੂੰ ਕਿਸਾਨਾਂ ਨੇ ਦੱਸ ਦਿੱਤਾ ਕਿ ਉਹ ਆਪਣੀਆਂ ਹੱਕੀ ਮੰਗਾਂ ਲਈ ਕੀ ਕਰ ਸਕਦੇ ਹਨ। ਅੱਜ ਦੀ ਇਸ ਕਿਸਾਨ ਪੰਚਾਇਤ ’ਚ ਜਗਦੇਵ ਸਿੰਘ ਕਾਨਿਆਂਵਾਲੀ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਮ, ਹਰਦੀਪ ਸਿੰਘ ਪ੍ਰਧਾਨ ਮਲੂਕ ਲੰਬੀ ਅਤੇ ਪਿੰਡ ਸਰਾਵਾਂ ਬੋਤਲਾਂ ਦੇ ਸਰਪੰਚ ਸਤਨਾਮ ਸਿੰਘ ਤੇ ਹੋਰ ਆਗੂਆਂ ਨੇ ਸੂਬਾ ਪ੍ਰਧਾਨ ਨੂੰ ਜੀ ਆਇਆਂ ਆਖਦੇ ਸਨਮਾਨ ਕੀਤਾ।