ਜਥੇਬੰਦੀਆਂ ਨੇ ਚੰਡੀਗੜ੍ਹ ਮੁਜ਼ਾਹਰੇ ’ਚ ਸ਼ਾਮਲ ਹੋਣ ਸਬੰਧੀ ਕੀਤੀ ਮੀਟਿੰਗ
ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਰੋਸ ਪ੍ਰਦਰਸ਼ਨ ’ਚ ਸ਼ਾਮਿਲ ਹੋਣ ਲਈ ਮਲੋਟ ’ਚ ਵਧਵੀ ਤਿਆਰੀ ਮੀਟਿੰਗ ਕੀਤੀ
Publish Date: Thu, 11 Jun 2026 04:02 PM (IST)
Updated Date: Fri, 12 Jun 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਵਧਵੀ ਤਿਆਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਮਲੋਟ ਵਿਖੇ ਹੋਈ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ, ਸਕੱਤਰ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਅਮਰੀਕਾ ਵੱਲੋਂ ਦੇਸ਼ ਤੇ ਥੋਪੇ ਜਾ ਰਹੇ ਵਪਾਰ ਮੁਕਤ ਸਮਝੌਤੇ ਇਰਾਨ ਤੇ ਅਮਰੀਕਾ ਇਜ਼ਰਾਇਲ ਸਾਮਰਾਜੀ ਹਮਲੇ ਖਿਲਾਫ ਅਤੇ ਇਸ ਹਮਲੇ ਕਾਰਨ ਲੋਕਾਂ ਤੇ ਮਹਿੰਗਾਈ ਦੇ ਰੂਪ ’ਚ ਪੈ ਰਹੇ ਵੱਡੇ ਭਾਰ ਨੂੰ ਲੈ ਕੇ 4 ਜੁਲਾਈ ਨੂੰ ਚੰਡੀਗੜ੍ਹ ਵਿਖੇ 2 ਕਿਸਾਨ ਜਥੇਬੰਦੀਆਂ ਵੱਲੋਂ ਰੋਸ ਧਰਨਾ ਮੁਜਾਹਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਪੱਧਰੀ ਤਿਆਰੀ ਮੀਟਿੰਗਾਂ ’ਚ ਪਿੰਡ ਪਿੰਡ ਮੀਟਿੰਗਾਂ ਕਰਾਉਣ ਤੇ ਬਲਾਕਾਂ ਦੀਆਂ ਵਧੀਆਂ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 4 ਜੁਲਾਈ ਨੂੰ ਰੋਸ ਮੁਜ਼ਾਹਰਾ ਪ੍ਰਦਰਸ਼ਨ ’ਚ ਮੰਗ ਕੀਤੀ ਜਾਵੇਗੀ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਰਲ ਕੇ ਸਾਮਰਾਜੀ ਵਿਦੇਸ਼ੀ ਨੀਤੀਆਂ ਲਾਗੂ ਕਰਨ ਦੇ ਰਾਹ ਪਈਆਂ ਹੋਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਮੁਲਕ ਅੰਦਰ ਖਾਦਾਂ, ਡੀਜ਼ਲ, ਪੈਟਰੋਲ, ਗੈਸ ਕੀਮਤਾਂ ’ਚ ਅਥਾਹ ਵਾਧਾ ਕਰਕੇ ਮਹਿੰਗਾਈ ਦਾ ਬੋਝ ਆਮ ਲੋਕਾਂ ’ਤੇ ਪਾਇਆ ਜਾ ਰਿਹਾ ਹੈ। ਖਾਦਾਂ ਦੇ ਮਾਮਲੇ ’ਚ ਵਿਦੇਸ਼ੀਂ ਮੁਲਕਾਂ ਪਈ ਹੋਈ ਨਿਰਭਰਤਾ ਨਾਲ ਖਾਦਾਂ ਦੀ ਭਾਰੀ ਤੋਟ ਪੈਦਾ ਹੋ ਰਹੀ ਹੈ। ਜਿਸ ਕਾਰਨ ਫਸਲਾਂ ਦੇ ਉਤਪਾਦਨ ਤੇ ਭਾਰੀ ਅਸਰ ਪੈਣ ਦਾ ਖ਼ਤਰਾ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾਂ ਇਜ਼ਰਾਇਲ ਜੰਗ ਦੀ ਆੜ ਹੇਠ ਲੋਕਾਂ ’ਤੇ ਬੋਝ ਪਾਉਣਾ ਬੰਦ ਕੀਤਾ ਜਾਵੇ ਤੇ ਇਹ ਬੋਝ ਕਰਕੇ ਕਾਰਪੋਰੇਟ ਘਰਾਣਿਆਂ ਦੇਸੀ ਵਿਦੇਸ਼ੀ ਕੰਪਨੀਆਂ ਤੇ ਟੈਕਸ ਲਾ ਕੇ ਖਜ਼ਾਨਾ ਭਰਿਆ ਜਾਵੇ, ਤਾਂ ਕਿ ਖ਼ਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਹਲਿਆ ਜਾਵੇ। ਭਾਰਤ ਅਮਰੀਕਾ ਵਪਾਰ ਸਮਝੌਤਾ ਵਾਰਤਾ ਰੱਦ ਕੀਤਾ ਜਾਵੇ। ਇਸ ਸਮਝੌਤੇ ਤਹਿਤ ਅਮਰੀਕਾ ਸਾਮਰਾਜੀਆਂ ਨੂੰ ਦਿੱਤੀਆਂ ਯਕੀਨ ਦਹਾਨੀਆਂ ਰੱਦ ਕੀਤੀਆਂ ਜਾਣ। ਉਨ੍ਹਾਂ ਦੇਸ਼ ਦੇ ਹਾਕਮਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਤੇ ਈਰਾਨ ਦੇ ਜੰਗ ਖ਼ਿਲਾਫ਼ ਅਵਾਜ਼ ਉਠਾਵੇ। ਅਮਰੀਕਾ ਸਾਮਰਾਜੀਆਂ ਦੀ ਸੇਵਾਦਾਰੀ ਬੰਦ ਕਰਕੇ ਗਵਾਂਢੀ ਮੁਲਕਾਂ ਨਾਲ ਦੇਸ਼ ਦੀਆਂ ਲੋੜਾਂ ਅਨੁਸਾਰ ਮਿੱਤਰਤਾ ਸਬੰਧ ਕਾਇਮ ਕਰੇ। ਉਨ੍ਹਾਂ ਕਿਹਾ ਕਿ ਬੈਂਕਾਂ ’ਚ ਪੈਸੇ ਦੇ ਲੈਣ ਦੇਣ ਕਰਕੇ ਲੋਕਾਂ ਦੀ ਖਜ਼ਲ ਖ਼ਵਾਰੀ ਬੰਦ ਕੀਤੀ ਜਾਵੇ। ਪਿਛਲੇ ਸਮੇਂ ’ਚ ਮਹਿੰਗਾਈ ਵਧਣ ਕਾਰਨ ਪੰਜਾਬ ਸਰਕਾਰ ਵੱਲੋਂ ਕੋਆਪਰੇਟਿਵ ਅਦਾਰਿਆਂ ’ਚ ਹੱਦ ਕਰਜ਼ੇ ਵਧਾਉਣ ਫੈਸਲਾ ਕੀਤਾ ਸੀ। ਪਰ ਪੰਜਾਬ ਸਰਕਾਰ ਵੱਲੋਂ ਵਾਪਸ ਲਿਆ ਗਿਆ ਹੈ। ਉਸਨੂੰ ਮੁੜ ਵਧੇ ਹੋਏ ਹੱਦ ਕਰਜ਼ਿਆਂ ਦਾ ਤਰੁੰਤ ਐਲਾਨ ਕੀਤਾ ਜਾਵੇ ਅਤੇ ਇਸਦਾ ਤਰੁੰਤ ਭੁਗਤਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਰਾਜਾ ਦੀ ਅਸਥਾਈ ਮੈਂਬਰੀ ਖ਼ਤਮ ਕਰਨ ਦਾ ਨੋਟੀਫਿਕੇਸ਼ਨ ਤਰੁੰਤ ਰੱਦ ਕੀਤਾ ਜਾਵੇ। ਚੰਡੀਗੜ੍ਹ ਜਾਣ ਦਾ ਜਮੂਹਰੀਅਤ ਦਾ ਹੱਕ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਲੋਕ ਸੰਘਰਸ਼ਾਂ ਤੋਂ ਬਿਨਾਂ ਲੋਕਾਂ ਕੋਲ ਹੋਰ ਕੋਈ ਚਾਰਾ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਆਮ ਲੋਕ ਪ੍ਰੀਵਾਰਾਂ ਸਮੇਤ 4 ਜੁਲਾਈ ਨੂੰ ਚੰਡੀਗੜ੍ਹ ਜਾਣ ਲਈ ਪਿੰਡ ਪਿੰਡ ਨੁੱਕੜ ਨਾਟਕ ਮੀਟਿੰਗਾਂ ਢੋਲ ਮਾਰਚ ਤੇ ਝੰਡਾ ਮਾਰਚ ਰਾਹੀਂ ਲੋਕਾਂ ਨੂੰ ਕਾਲੇ ਕਾਨੂੰਨਾਂ ਲਈ ਵੱਡੀ ਲਾਮਬੰਦੀਆਂ ਕਰਕੇ ਜਾਗਰੂਕ ਕਰਨ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਪਾਸ ਸਿੰਘ ਸਿੰਘੇਵਾਲਾ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਲੰਬੀ ਬਲਾਕ ਦੇ ਜਨਰਲ ਸਕੱਤਰ ਮਲਕੀਤ ਸਿੰਘ ਗੱਗੜ, ਮਲੋਟ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ, ਬੋਹੜ ਸਿੰਘ ਮਲੋਟ, ਮੁਕਤਸਰ ਬਲਾਕ ਦੇ ਰਾਜਾ ਸਿੰਘ ਮਹਾਂ ਬੱਧਰ, ਸੀਨੀਅਰ ਮੀਤ ਪ੍ਰਧਾਨ ਹਰਫੂਲ ਸਿੰਘ, ਮਾ. ਕੁਲਵੀਰ ਸਿੰਘ ਭਾਗਸਰ, ਗਿੱਦੜਬਾਹਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ, ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂਲਕੋਟ ਅਤੇ ਇਕਾਈਆਂ ਦੇ ਪ੍ਰਧਾਨ ਸਕੱਤਰ ਸਰਗਰਮ ਵਰਕਰ ਗੀਤਕਾਰ ਹਰਦੀਪ ਸਿੰਘ ਮਲੋਟ ਵੀ ਹਾਜ਼ਰ ਸਨ।