ਹਰ ਪਰਿਵਾਰ ਦਾ ਬਣਾਇਆ ਜਾ ਰਿਹਾ ਸਹਿਤ ਬੀਮਾ ਕਾਰਡ : ਵਿਧਾਇਕ ਕਾਕਾ ਬਰਾੜ
ਪਿੰਡ ਵੜਿੰਗ ਵਿਖੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਪਰਿਵਾਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਿਲ
Publish Date: Wed, 04 Feb 2026 04:26 PM (IST)
Updated Date: Wed, 04 Feb 2026 04:29 PM (IST)

ਵਿਕਾਸ ਭਾਰਦਵਾਜ, ਪੰਜਾਬੀ ਜਾਗਰਣ ਮੰਡੀ ਬਰੀਵਾਲਾ : ਨਜ਼ਦੀਕੀ ਪਿੰਡ ਵੜਿੰਗ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਫੈਸਲਾ ਲਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਸਮੂਹ ਪਰਿਵਾਰਾਂ ਦਾ ਪਾਰਟੀ ’ਚ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਦਿਨੋ ਦਿਨ ਵੱਧ ਰਹੀ ਲੋਕਪ੍ਰਿਯਤਾ ਅਤੇ ਲੋਕ ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਪਰਿਵਾਰ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵੱਖ-ਵੱਖ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਸਦਾ ਆਮ ਲੋਕਾਂ ਵੱਲੋਂ ਬੇਹੱਦ ਲਾਹਾ ਖੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਦਾ 10 ਲੱਖ ਦਾ ਇਲਾਜ ਵਾਲਾ ਕਾਰਡ ਲਗਾਤਾਰ ਬਣਾਇਆ ਜਾ ਰਿਹਾ ਹੈ ਜਿਸਦਾ ਵੱਡੀ ਗਿਣਤੀ ’ਚ ਲੋਕਾਂ ਵੱਲੋਂ ਫਾਇਦਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ’ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਦੁੱਖ ਸੁੱਖ ’ਚ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਸਮੂਹ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ। ਪਾਰਟੀ ’ਚ ਸ਼ਾਮਿਲ ਹੋਣ ਵਾਲੇ ਪਰਿਵਾਰ ਜ਼ੋਰਾ ਸਿੰਘ ਵਰਿਆਮ ਸਿੰਘ ਗੁਰਮੇਲ ਸਿੰਘ ਗੁਰਚਰਨ ਸਿੰਘ ਹਰਭਜਨ ਸਿੰਘ ਪ੍ਰਿਤਪਾਲ ਸਿੰਘ ਆਦਿ ਪਰਿਵਾਰਾਂ ਨੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਵਿਸ਼ਵਾਸ ਦਵਾਇਆ ਕਿ ਉਹ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰ ਘਰ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਸ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਲੋਕਾਂ ਨੂੰ ਦੱਸਿਆ ਜਾਵੇਗਾ। ਇਸ ਮੌਕੇ ਸਰਪੰਚ ਡਾ ਜੁਗਰਾਜ ਸਿੰਘ, ਸ਼ਮਸ਼ੇਰ ਸਿੰਘ ਵੜਿੰਗ, ਸਰਪੰਚ ਵੱਟੂ ਜਸਕਰਨ ਸਿੰਘ, ਭਿੰਦਰ ਸਿੰਘ ਬਾਜਾ ਮਰਾੜ, ਰਾਜਵਿੰਦਰ ਸਿੰਘ ਗੋਲੂ, ਸੁੱਖਾ ਵੜਿੰਗ, ਗੁਰਪਿੰਦਰ ਸਿੰਘ ਥਾਂਦੇਵਾਲਾ ਅਤੇ ਗੋਪੀ ਥਾਂਦੇਵਾਲਾ ਆਦਿ ਹਾਜ਼ਰ ਸਨ।