ਇੰਟਰ ਸਕੂਲ ਟੈਲੈਂਟ ਹੰਟ ਮੁਕਾਬਲਿਆਂ ’ਚ ਜੇਐਨਜੇ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਇੰਟਰ ਸਕੂਲ ਟੈਲੈਂਟ ਹੰਟ ਮੁਕਾਬਲਿਆਂ ’ਚ ਜੇਐਨਜੇ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Publish Date: Mon, 02 Feb 2026 04:46 PM (IST)
Updated Date: Mon, 02 Feb 2026 04:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਇੰਟਰ ਸਕੂਲ ਟੈਲੈਂਟ ਹੰਟ ਮੁਕਾਬਲੇ 2026 ਬੀਤੇ ਦਿਨੀਂ ਮਾਲਵਾ ਕਾਲਜ ਬਠਿੰਡਾ ਵਿਖੇ ਆਯੋਜਿਤ ਕੀਤੇ ਗਏ। ਇੰਨਾਂ ਟੈਲੈਂਟ ਹੰਟ ਮੁਕਾਬਲਿਆਂ ’ਚ ਜੇਐਨਜੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗਰੁੱਪ ਡਾਂਸ ਭੰਗੜਾ ਅਤੇ ਪਹਿਰਾਵਾ ਪ੍ਰਦਰਸ਼ਨੀ ’ਚ ਪਹਿਲਾ ਸਥਾਨ ਹਾਸਿਲ ਕਰਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਰਨਣਯੋਗ ਹੈ ਕਿ ਇਸ ਟੈਲੈਂਟ ਹੰਟ ਪ੍ਰੋਗਰਾਮ ’ਚ ਉਕਤ ਮੁਕਾਬਲਿਆਂ ਤੋਂ ਇਲਾਵਾ ਕੁਇੱਜ਼, ਸੋਲੋ ਡਾਂਸ, ਫੋਕ ਗਰੁੱਪ ਡਾਂਸ, ਪੋਸਟਰ ਮੇਕਿੰਗ/ਚਿੱਤਰਕਲਾ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ ਸਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰ. ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਗਰੁੱਪ ਡਾਂਸ ਕੈਟਾਗਰੀ ’ਚ ਪਹਿਲਾ ਸਥਾਨ ਅਤੇ ਨਾਲ ਹੀ ਸ਼ਾਨਦਾਰ ਪਹਿਰਾਵੇ ਦੇ ਮੁਕਾਬਲੇ ’ਚ ਵੀ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਹਰੀ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਟਰਾਫੀ ਅਤੇ ਨਗਦ ਇਨਾਮ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਨਤੀਜੇ ਸਕੂਲ ਦੇ ਵਿਦਿਆਰਥੀਆਂ ਦੀ ਮਿਹਨਤ ਅਤੇ ਲੈਕਚਰਾਰ ਤੇ ਭੰਗੜਾ ਕੋਚ ਸੁਖਵੀਰ ਸਿੰਘ ਦੀ ਕੋਚਿੰਗ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਜਿਹੀ ਲਾਹਨਤ ਤੋਂ ਦੂਰ ਕਰਨ ਲਈ ਅਜਿਹੇ ਪ੍ਰੋਗਰਾਮ ਸਹਾਈ ਸਿੱਧ ਹੁੰਦੇ ਹਨ ਜਦੋਂਕਿ ਇਨ੍ਹਾਂ ਪ੍ਰੋਗਰਾਮਾਂ ’ਚ ਹੀ ਵਿਦਿਆਰਥੀ ਆਪਣੀ ਅੰਦਰੂਨੀ ਕਲਾ ਨੂੰ ਆਪਣੇ ਮਨ ਦੇ ਵਲਵਲਿਆਂ ਨੂੰ ਬਾਹਰ ਕੱਢ ਕੇ ਬਿਹਤਰੀਨ ਪ੍ਰਦਰਸ਼ਨ ਕਰ ਸਕਦੇ ਹਨ।