- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਰਕ ਖੇੜਾ ਪਿੰਡ ’ਚ ਅੱਜ ਵੀ ਜੁੜਦੀਆਂ ਹਨ ਸੱਥਾਂ, ਲੋਕ ਰਹਿੰਦੇ ਹਨ ਰਲ ਮਿਲ ਕੇ

ਬਲਕਰਨ ਜਟਾਣਾ, ਪੰਜਾਬੀ ਜਾਗਰਣ
ਮਲੋਟ : ਪੰਜਾਬ ਦੇ ਬਹੁਤੇ ਪਿੰਡਾਂ ’ਚ ਸੱਥਾਂ ਵਿੱਚ ਜੁੜ ਬੈਠਣ ਦਾ ਸੱਭਿਆਚਾਰ ਅਲੋਪ ਹੋ ਚੁੱਕਾ ਹੈ। ਲੋਕ ਸੱਥਾਂ ਵਿੱਚ ਬੈਠਣਾ ਪਸੰਦ ਨਹੀਂ ਕਰਦੇ। ਮੋਬਾਇਲ ਫੋਨਾਂ ਅਤੇ ਟੀਵੀ ਨੇ ਲੋਕਾਂ ਦਾ ਆਪਸੀ ਪਿਆਰ ਬਿਲਕੁਲ ਹੀ ਖਤਮ ਕਰ ਦਿੱਤਾ ਹੈ। ਪੁਰਾਤਨ ਸਮੇਂ ’ਚ ਲੋਕ ਪਿੱਪਲਾਂ, ਬੋਹੜਾਂ ਹੇਠਾਂ ਸੱਥਾਂ ’ਚ ਜੁੜ ਕੇ ਬੈਠਦੇ ਸਨ ਅਤੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਸਨ। ਪਿੰਡ ’ਚ ਕੋਈ ਵੀ ਝਗੜਾ ਹੁੰਦਾ ਤਾਂ ਸੱਥ ਵਿੱਚ ਹੀ ਨਿਬੇੜਿਆ ਜਾਂਦਾ ਸੀ। ਇਸੇ ਤਰ੍ਹਾਂ ਅੱਜ ਵੀ ਕੁਝ ਪਿੰਡਾਂ ’ਚ ਸੱਥਾਂ ਜੁੜਦੀਆਂ ਹਨ ਅਤੇ ਲੋਕ ਬੜੇ ਪ੍ਰੇਮ ਪਿਆਰ ਨਾਲ ਰਹਿੰਦੇ ਹਨ। ਅਜਿਹਾ ਹੀ ਇਕ ਮਲੋਟ ਤਹਿਸੀਲ ਦਾ ਪਿੰਡ ‘ਵਿਰਕ ਖੇੜਾ’ ਹੈ ਜਿੱਥੇ ਅੱਜ ਵੀ ਪਿੰਡ ’ਚ ਵੱਡੀਆਂ ਸੱਥਾਂ ਜੁੜਦੀਆਂ ਹਨ ਅਤੇ ਲੋਕ ਤਾਸ਼ਾਂ ਖੇਡਦੇ ਹਨ। ਲੜਾਈ ਝਗੜੇ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ’ਚ ਕੋਈ ਵੀ ਪਾਰਟੀਬਾਜੀ ਨਹੀਂ ਹੈ ਅਤੇ ਲੋਕ ਪਹਿਲਾਂ ਵਾਂਗੂ ਹੀ ਰਲ ਮਿਲ ਕੇ ਬੈਠਦੇ ਹਨ।
ਕੰਗਪੱਤੀ ਦੀ ਸੱਥ ’ਚ ਜੁੜੇ ਵੱਡੀ ਗਿਣਤੀ ਵਿੱਚ ਬੈਠੇ ਬਾਪੂ ਦਲਜੀਤ ਸਿੰਘ ਕੰਗ ਨੇ ਦੱਸਿਆ ਕਿ ਪੁੱਤਰੋ ਸਾਡੇ ਤਾਂ ਪਹਿਲਾਂ ਵਾਂਗੂ ਹੀ ਸੱਥਾਂ ਵਿੱਚ ਲੋਕ ਬੈਠਦੇ ਹਨ ਅਤੇ ਪੁਰਾਣੇ ਜਮਾਨੇ ਦੀਆਂ ਗੱਲਾਂ ਸਾਥੋਂ ਅੱਜ ਦੇ ਮੁੰਡੇ ਬੜੇ ਚਾਅ ਨਾਲ ਸੁਣਦੇ ਹਨ, ਵਿਚੋਂ ਹੀ ਬੋਲਦਿਆਂ ਗੁਰਲਾਲ ਸਿੰਘ ਕੰਗ ਨੇ ਕਿਹਾ ਕਿ ਪੁਰਾਣੇ ਜਮਾਨੇ ਦੀਆਂ ਗੱਲਾਂ ਸੁਣ ਕੇ ਸਾਨੂੰ ਬਹੁਤ ਚੰਗਾ ਲੱਗਦਾ ਹੈ। ਜਦ ਬਾਪੂ ਦਲਜੀਤ ਸਿੰਘ ਹੋਰਾਂ ਤੋਂ ਪੁਰਾਣੀਆਂ ਗੱਲਾਂ ਸੁਣਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਬਾਪੂ ਹੋਰਾਂ ਨੇ ਕਿਵੇਂ ਮਿਹਨਤਾਂ ਕਰਕੇ ਜਮੀਨਾਂ ਬਣਾਈਆਂ ਹਨ। ਪਿੰਡ ਦੇ ਸਰਪੰਚ ਸਰਦਾਰ ਹਰਜਿੰਦਰ ਸਿੰਘ ਨੇ ਕਿਹਾ ਕਿ ਸੱਥ ’ਚ ਆ ਕੇ ਤਾਸ਼ ਖੇਡ ਕੇ ਬੜਾ ਹੀ ਮਨ ਨੂੰ ਸਕੂਨ ਜਿਹਾ ਮਿਲਦਾ ਹੈ ਅਤੇ ਨਾਲੇ ਹਾਸਾ ਠੱਠਾ ਹੋ ਜਾਂਦਾ ਹੈ। ਮੰਗਾ ਸਿੰਘ ਪੰਚ ਕਹਿੰਦਾ ਕਿ ਪੁਰਾਣੇ ਜਮਾਨੇ ’ਚ ਬਲਦਾਂ ਨਾਲ ਮੈਂ ਆਪ ਖੇਤੀ ਕਰਦਾ ਰਿਹਾ ਹਾਂ ਅਤੇ ਦਾਤੀ ਨਾਲ ਕਣਕ ਵੱਢਣੀ ਛਟੀਆਂ ਪੱਟਣੀਆਂ, ਹਾੜ੍ਹੀਆਂ ’ਚ ਪੰਜ ਪੰਜ ਕਿਲੋ ਘਿਉ ਖਾ ਜਾਣਾ, ਰੋਜ਼ ਕੱਚਾ ਦੁੱਧ ਬੇਬੇ ਰੱਜਵਾਂ ਪਿਲਾ ਦਿੰਦੀ ਸੀ। ਪਰ ਹੁਣ ਤਾਂ ਸਭ ਮਿਲਾਵਟੀ ਚੀਜ਼ਾਂ ਆ ਗਈਆਂ।
ਨਛੱਤਰ ਸਿੰਘ ਨੰਬਰਦਾਰ ਨੇ ਵਿਚਕਾਰੋਂ ਹੀ ਟੋਕਦਿਆਂ ਕਿਹਾ ਕਿ ਜੋ ਕੰਮ ਅਸੀਂ ਕੀਤੇ ਹਨ ਅੱਜ ਦੇ ਮੁੰਡੇ ਨਹੀਂ ਕਰ ਸਕਦੇ। ਅੱਜ ਦੇ ਨੌਜਵਾਨ ਨਸ਼ੇ ਨੇ ਪੱਟ ਦਿੱਤੇ। ਘਿਉ ਦੁੱਧ ਵੱਲ ਕੋਈ ਝਾਕਦਾ ਹੀ ਨਹੀਂ। ਮੈਂ ਮੱਝ ਦੀ ਧਾਰ ਕੱਢ ਕੇ ਬਾਲਟੀ ਮੂੰਹ ਨੂੰ ਲਾ ਕੇ ਸਾਰਾ ਦੁੱਧ ਪੀ ਜਾਂਦਾ ਸੀ। ਤੁਹਾਡੀ ਬੇਬੇ ਮੇਰੇ ਨਾਲ ਲੜਦੀ ਕਿ ਤੂੰ ਤਾਂ ਸਾਰਾ ਦੁੱਧ ਹੀ ਪੀ ਜਾਂਦਾ ਹੈ। ਅਸੀਂ ਤਿੰਨ ਚਾਰ ਮੱਝਾਂ ਸੱਜਰ ਸੂਈਆਂ ਰੱਖਦੇ ਸੀ। ਜਗਦੇਵ ਸਿੰਘ ਮੈਂਬਰ ਅਤੇ ਦਰਸ਼ਨ ਸਿੰਘ ਕੰਗ ਇਕੱਠੇ ਹੀ ਬੋਲ ਪਏ, ਕਹਿੰਦੇ ਦੁਪਹਿਰ ਤੱਕ ਖੇਤ ਕੰਮ ਕਰਦੇ ਅਤੇ ਉਸ ਤੋਂ ਬਾਅਦ ਨਹਿਰ ਉੱਤੇ ਨਹਾ ਕੇ ਸੱਥ ਵਿੱਚ ਬਜ਼ੁਰਗਾਂ ਦੀਆਂ ਗੱਲਾਂ ਸੁਣਨ ਆ ਜਾਂਦੇ ਪਰ ਹੁਣ ਤਾਂ ਅਸੀਂ ਆਪ ਹੀ ਬਜ਼ੁਰਗ ਹੋ ਗਏ ਹਾਂ ਅਤੇ ਮੁੰਡਿਆਂ ਨੂੰ ਗੱਲਾਂ ਸੁਣਾਉਂਦੇ ਹਾਂ ਪਰ ਅੱਜ ਦੇ ਮੁੰਡੇ ਸਾਡੀ ਗੱਲ ’ਤੇ ਯਕੀਨ ਨਹੀਂ ਕਰਦੇ ਉਹ ਕਹਿੰਦੇ ਹਨ ਕਿ ਐਨਾ ਕਿਉਂ ਦੁੱਧ ਤੁਸੀਂ ਕਿਵੇਂ ਪਹੁੰਚਾਉਂਦੇ ਸੀ। ਬਿੰਦਰ ਸਿੰਘ ਬਾਜੀਗਰ ਭਰਾ ਕਹਿੰਦਾ ਉਸ ਟਾਈਮ ਜਿਸ ਜਿਮੀਦਾਰ ਦੇ ਘਰੇ ਜਾਂਦੇ ਜਿਮੀਦਾਰ ਗੱਟਾ ਭਰ ਕੇ ਕਣਕ ਦੇ ਦਿੰਦਾ ਅਤੇ ਘਰੇ ਪਿਆ ਦੋ ਦੋ ਕਿਲੋ ਘਿਓ ਤਾਂ ਆਮ ਹੀ ਦੇ ਦਿੰਦੇ। ਜਦੋਂ ਗੁੜ ਕੱਢਦੇ ਤਾਂ ਜਿਮੀਦਾਰ ਸਾਨੂੰ ਬੁਲਾ ਕੇ ਇੱਕ ਇੱਕ ਭੇਲੀ ਗੁੜ ਦੀ ਦੇ ਦਿੰਦੇ। ਬਾਹਲਾ ਚੰਗਾ ਜਮਾਨਾ ਸੀ, ਸੱਥ ਵਿੱਚ ਗੁਰਪ੍ਰੀਤ ਸਿੰਘ ਸਰਾਂ, ਬਲਵਿੰਦਰ ਸਿੰਘ, ਚੜਤ ਸਿੰਘ, ਟੋਨੀ ਸਿੰਘ, ਉਕਰ ਸਿੰਘ, ਜਸਪਾਲ ਸਿੰਘ, ਜਗਦੇਵ ਸਿੰਘ ਅਤੇ ਹੋਰ ਵੀ ਕਾਫੀ ਸੱਜਣ ਹਾਜ਼ਰ ਸਨ। ਵਿਰਕ ਖੇੜਾ ਵਿੱਚ ਦਿਨ ਢਲਦਿਆਂ ਹੀ ਸੱਥਾਂ ਦੀ ਸਮਾਪਤੀ ਹੋ ਜਾਂਦੀ ਹੈ ਅਤੇ ਅਗਲੇ ਦਿਨ 9 ਵਜੇ ਫਿਰ ਸੱਥਾਂ ਭਰ ਜਾਂਦੀਆਂ ਹਨ।