ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਵੱਖ-ਵੱਖ ਨਾਵਾਂ 'ਤੇ ਚਰਚਾਵਾਂ ਹੋਈਆਂ ਤੇਜ਼
ਮੁਕਤਸਰ ਨਗਰ ਕੌਂਸਲ ਪ੍ਰਧਾਨ ਦੀ ਰੇਸ ’ਚ ਵਿੱਕੀ ਕੁਮਾਰ ਸਭ ਤੋਂ ਅੱਗੇ, ਵਿਧਾਇਕ ਬੋਲੇ- ਫ਼ੈਸਲਾ ਪਾਰਟੀ ਕਰੇਗੀ
Publish Date: Mon, 01 Jun 2026 06:23 PM (IST)
Updated Date: Mon, 01 Jun 2026 06:26 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਨਗਰ ਕੌਂਸਲ ’ਚ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ’ਚ ਚਰਚਾਵਾਂ ਤੇਜ਼ ਹੋ ਗਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਪ੍ਰਧਾਨਗੀ ਦੀ ਦੌੜ ’ਚ ਫਿਲਹਾਲ ਤਿੰਨ ਨਾਮ ਸਭ ਤੋਂ ਅੱਗੇ ਚੱਲ ਰਹੇ ਹਨ। ਇਨ੍ਹਾਂ ’ਚ ਵਾਰਡ ਨੰਬਰ 16 ਤੋਂ ਕੌਂਸਲਰ ਵਿੱਕੀ ਕੁਮਾਰ, ਵਾਰਡ ਨੰਬਰ 6 ਤੋਂ ਕੌਂਸਲਰ ਰਵਿੰਦਰ ਕੁਮਾਰ ਰਿੰਕੂ ਬਾਂਸਲ ਅਤੇ ਵਾਰਡ ਨੰਬਰ 11 ਤੋਂ ਕੌਂਸਲਰ ਯੋਗਿਤਾ ਗੁੰਬਰ ਸ਼ਾਮਲ ਹਨ। ਸੂਤਰਾਂ ਅਨੁਸਾਰ ਵਾਰਡ ਨੰਬਰ 16 ਦੇ ਕੌਂਸਲਰ ਵਿੱਕੀ ਕੁਮਾਰ ਦਾ ਨਾਮ ਪ੍ਰਧਾਨ ਦੇ ਅਹੁਦੇ ਲਈ ਸਭ ਤੋਂ ਮਜ਼ਬੂਤ ਮੰਨਿਆ ਜਾ ਰਿਹਾ ਹੈ। ਸ਼ਹਿਰ ਅੰਦਰ ਕੀ ਕੁਮਾਰ ਦੇ ਨਾਮ ਨੂੰ ਲੈ ਕੇ ਚਰਚਾਵਾਂ ਤੇਜ ਹਨ ਅਤੇ ਸ਼ਹਿਰ ਵਾਸੀਆਂ ਵਿੱਚ ਇਹੀ ਚਰਚਾ ਫਿਲਹਾਲ ਚੱਲ ਰਹੀ ਹੈ। ਜ਼ਿਕਰ ਯੋਗ ਹੈ ਕਿ ਵਿੱਕੀ ਕੁਮਾਰ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਪੀਏ ਹਨ ਅਤੇ ਲੰਬੇ ਅਰਸੇ ਤੋ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਨ। ਸਿਆਸੀ ਗਲਿਆਰਿਆਂ ਅੰਦਰ ਦੂਜੇ ਪਾਸੇ ਰਿੰਕੂ ਬਾਂਸਲ ਤੇ ਯੋਗਿਤਾ ਗੁੰਬਰ ਦੇ ਨਾਵਾਂ ਤੇ ਵੀ ਲਗਾਤਾਰ ਚਰਚਾ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਹੋਈਆਂ ਮੁਕਤਸਰ ਨਗਰ ਕੌਂਸਲ ਚੋਣਾਂ ’ਚ ਆਮ ਆਦਮੀ ਪਾਰਟੀ ਨੇ 31 ਵਿੱਚੋਂ 22 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਹੈ। ਜਦਕਿ ਸ਼ਿਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ 4-4 ਸੀਟਾਂ ਮਿਲੀਆਂ ਹਨ ਅਤੇ ਭਾਜਪਾ ਦੇ ਖਾਤੇ ਵਿੱਚ ਸਿਰਫ਼ ਇੱਕ ਸੀਟ ਆਈ ਹੈ। ਬਹੁਮਤ ਹੋਣ ਕਾਰਨ ਪ੍ਰਧਾਨ ਦੇ ਅਹੁਦੇ ਤੇ ਆਪ ਦਾ ਹੀ ਕਬਜ਼ਾ ਤੈਅ ਹੈ, ਪਰ ਮੁੱਖ ਚਿਹਰਾ ਕੌਣ ਹੋਵੇਗਾ, ਇਸ ਨੂੰ ਲੈ ਕੇ ਅਜੇ ਸਸਪੈਂਸ ਬਣਿਆ ਹੋਇਆ ਹੈ। ਇਸ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਸਮਰਥਕਾਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਕਿਸ ਨੂੰ ਬਣਾਉਣਾ ਹੈ, ਇਹ ਫ਼ੈਸਲਾ ਪਾਰਟੀ ਦਾ ਹੋਵੇਗਾ। ਪਾਰਟੀ ਤੋਂ ਉੱਪਰ ਕੁਝ ਵੀ ਨਹੀਂ ਹੈ। ਜੋ ਫ਼ੈਸਲਾ ਪਾਰਟੀ ਲਵੇਗੀ, ਉਹੀ ਸਭ ਨੂੰ ਮੰਜ਼ੂਰ ਹੋਵੇਗਾ। ਵਿਧਾਇਕ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਕਈ ਕੌਂਸਲਰਾਂ ਦੇ ਸਮਰਥਕ ਆਪਣੇ ਮਨਪਸੰਦ ਆਗੂ ਨੂੰ ਪ੍ਰਧਾਨ ਬਣਾਉਣ ਦੀ ਮੰਗ ਵਾਲੀਆਂ ਪੋਸਟਾਂ ਪਾ ਰਹੇ ਹਨ, ਸਮਰਥਕਾਂ ਨੂੰ ਅਜਿਹੀਆਂ ਪੋਸਟਾਂ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਜੇ ਸਰਕਾਰ ਵੱਲੋਂ ਨੋਟੀਫਿਕੇਸ਼ਨ ਆਉਣਾ ਬਾਕੀ ਹੈ। ਨੋਟੀਫਿਕੇਸ਼ਨ ਵਿੱਚ ਤੈਅ ਹੋਵੇਗਾ ਕਿ ਪ੍ਰਧਾਨ ਦੀ ਸੀਟ ਐੱਸ.ਸੀ. (SC) ਵਰਗ ਲਈ ਰਾਖਵੀਂ ਹੋਵੇਗੀ ਜਾਂ ਜਨਰਲ ਰਹੇਗੀ। ਰਾਖਵੇਂਕਰਨ ਦੀ ਸਥਿਤੀ ਸਾਫ਼ ਹੋਣ ਤੋਂ ਬਾਅਦ ਹੀ ਪਾਰਟੀ ਪੱਧਰ ਤੇ ਪ੍ਰਧਾਨ ਦੇ ਅਹੁਦੇ ਲਈ ਅੰਤਿਮ ਫ਼ੈਸਲਾ ਲਿਆ ਜਾਵੇਗਾ, ਉਦੋਂ ਤੱਕ ਸਭ ਨੂੰ ਇੰਤਜ਼ਾਰ ਕਰਨਾ ਪਵੇਗਾ।