- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ “ਆਪਰੇਸ਼ਨ ਸੀਲ” ਅਧੀਨ ਚੈਕਿੰਗ ਮੁਹਿੰਮ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਚੱਲ ਰਹੀਆਂ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਅਤੇ “ਗੈਂਗਸਟਰਾਂ ਤੇ ਵਾਰ” ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਨਸ਼ਿਆਂ ਅਤੇ ਅਪਰਾਧਕ ਗਤੀਵਿਧੀਆਂ ਖ਼ਿਲਾਫ਼ ਲਗਾਤਾਰ ਕਾਰਵਾਈ ਜਾਰੀ ਹੈ। ਇਸੇ ਕੜੀ ’ਚ ਅਭਿਮੰਨਿਊ ਰਾਣਾ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੀ ਦਿਸ਼ਾ-ਨਿਰਦੇਸ਼ ਹੇਠ ਜ਼ਿਲ੍ਹਾ ਪੁਲਿਸ ਵੱਲੋਂ “ਆਪਰੇਸ਼ਨ ਸੀਲ” ਤਹਿਤ ਵਿਸ਼ੇਸ਼ ਸਰਚ ਅਤੇ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਆਪਰੇਸ਼ਨ ਦੌਰਾਨ ਜ਼ਿਲ੍ਹੇ ਦੀਆਂ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ’ਤੇ ਵੱਡੇ ਪੱਧਰ ’ਤੇ ਨਾਕਾਬੰਦੀ ਕਰਕੇ ਦੋਹਾਂ ਰਾਜਾਂ ਦੀ ਪੁਲਿਸ ਨਾਲ ਮਿਲ ਕੇ ਸਾਂਝੀ ਚੈਕਿੰਗ ਕੀਤੀ ਗਈ। ਇਸ ਸਾਂਝੇ ਉਪਰਾਲੇ ਦਾ ਮੁੱਖ ਉਦੇਸ਼ ਸਰਹੱਦਾਂ ਰਾਹੀਂ ਨਸ਼ਿਆਂ, ਗੈਰਕਾਨੂੰਨੀ ਸ਼ਰਾਬ ਅਤੇ ਹੋਰ ਅਪਰਾਧਕ ਗਤੀਵਿਧੀਆਂ ਨੂੰ ਰੋਕਣਾ ਸੀ। ਇਸਦਾ ਮੁੱਖ ਉਦੇਸ਼ ਨਸ਼ਿਆਂ ਅਤੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ’ਤੇ ਨੱਥ ਪਾਉਣਾ, ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਗਹਿਰਾਈ ਨਾਲ ਜਾਂਚ ਕਰਨਾ, ਵਾਹਨਾਂ ਦੀ ਡਿਜੀਟਲ ਐਪ ਰਾਹੀਂ ਤਸਦੀਕ ਕਰਨਾ, ਸਰਹੱਦੀ ਖੇਤਰਾਂ ’ਚ ਅਪਰਾਧਕ ਗਤੀਵਿਧੀਆਂ ‘ਤੇ ਕੜੀ ਨਿਗਰਾਨੀ ਰੱਖਣਾ ਹੈ। ਇਸ ਤਹਿਤ 13 ਲਗਾਏ ਜਿਨਾਂ ’ਚੋਂ ਹਰਿਆਣਾ ਨਾਲ ਲੱਗਦੀ ਸਰਹੱਦ–10 ਨਾਕੇ ਅਤੇ ਰਾਜਸਥਾਨ ਨਾਲ ਲੱਗਦੀ ਸਰਹੱਦ–03 ਨਾਕੇ ਲਾਗਏ ਗਏ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਲਗਭਗ 300 ਦੇ ਕਰੀਬ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਹਰ ਇੱਕ ਵਾਹਨ ਦੀ ਤਸਦੀਕ ਕਰਕੇ ਡਰਾਈਵਰਾਂ ਅਤੇ ਸਵਾਰੀਆਂ ਦੀ ਪਛਾਣ ਪੱਕੀ ਕੀਤੀ ਗਈ ਤਾਂ ਜੋ ਕਿਸੇ ਵੀ ਸ਼ੱਕੀ ਤੱਤ ਨੂੰ ਕਾਨੂੰਨੀ ਜਾਲ ਤੋਂ ਬਚਣ ਦਾ ਮੌਕਾ ਨਾ ਮਿਲੇ। ਨਾਕਿਆਂ ’ਤੇ ਤਾਇਨਾਤ ਪੁਲਿਸ ਟੀਮਾਂ ਵੱਲੋਂ ਹਰ ਇੱਕ ਵਾਹਨ ਨੂੰ ਰੋਕ ਕੇ ਉਸਦੀ ਵਿਸਥਾਰ ਨਾਲ ਤਲਾਸ਼ੀ ਲਈ ਗਈ ਅਤੇ ਆਉਣ-ਜਾਣ ਵਾਲੇ ਵਿਅਕਤੀਆਂ ਦੀ ਗਤੀਵਿਧੀ ’ਤੇ ਕੜੀ ਨਿਗਰਾਨੀ ਰੱਖੀ ਗਈ। ਇਸ ਕਾਰਵਾਈ ਨਾਲ ਸਰਹੱਦਾਂ ਰਾਹੀਂ ਹੋਣ ਵਾਲੀ ਸਮੱਗਲਿੰਗ ’ਤੇ ਪ੍ਰਭਾਵਸ਼ਾਲੀ ਰੋਕ ਲਗਾਉਣ ’ਚ ਮਦਦ ਮਿਲੀ। ਇਸ ਮੁਹਿੰਮ ਦੌਰਾਨ ਡੀਐਸਪੀ ਲੰਬੀ ਹਰਬੰਸ ਸਿੰਘ ਦੀ ਦੇਖ-ਰੇਖ ਹੇਠ ਐਸਆਈ ਜਗਸੀਰ ਸਿੰਘ ਮੁੱਖ ਅਫ਼ਸਰ ਥਾਣਾ ਕਿਲਿਆਂ ਵਾਲੀ ਸਮੇਤ ਲਗਭਗ 150 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ। ਐਸਐਸਪੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਾਰੀਆਂ ਟੀਮਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਚੈਕਿੰਗ ਦੌਰਾਨ ਕੋਈ ਵੀ ਲਾਪਰਵਾਹੀ ਨਾ ਵਰਤੀ ਜਾਵੇ। ਡੀਐਸਪੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ “ਆਪਰੇਸ਼ਨ ਸੀਲ” ਦੌਰਾਨ ਸਰਹੱਦਾਂ ਰਾਹੀਂ ਆਉਣ ਜਾਂ ਜਾਣ ਵਾਲੇ ਹਰ ਇੱਕ ਸ਼ੱਕੀ ਵਾਹਨ ਅਤੇ ਵਿਅਕਤੀ ਦੀ ਸੰਪੂਰਨ ਜਾਂਚ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਸੰਯੁਕਤ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਅਤੇ ਕਿਸੇ ਵੀ ਅਪਰਾਧੀ ਤੱਤ ਨੂੰ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਕੋਲ ਨਸ਼ਿਆਂ ਜਾਂ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਬਿਨਾਂ ਕਿਸੇ ਡਰ ਦੇ ਪੁਲਿਸ ਨਾਲ ਸਾਂਝੀ ਕਰਨ। ਪੁਲਿਸ ਵੱਲੋਂ ਯਕੀਨ ਦਵਾਇਆ ਗਿਆ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਐਸਐਸਪੀ ਅਭਿਮੰਨਿਊ ਰਾਣਾ ਆਈਪੀਐਸ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਨਸ਼ਿਆਂ ਅਤੇ ਅਪਰਾਧ ਖ਼ਿਲਾਫ਼ ਇਸ ਲੜਾਈ ’ਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪੁਲਿਸ ਅਤੇ ਜਨਤਾ ਦੇ ਸਾਂਝੇ ਉਪਰਾਲਿਆਂ ਨਾਲ ਹੀ ਜ਼ਿਲ੍ਹੇ ਨੂੰ ਨਸ਼ਾ-ਮੁਕਤ ਅਤੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ।