ਬਿਜਲੀ ਬੋਰਡ ਮੁਲਾਜ਼ਮਾਂ ਨੇ ਬਿਜਲੀ ਸੋਧ ਬਿੱਲ ਦੇ ਵਿਰੋਧ ’ਚ ਫੂਕਿਆ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ
ਬਿਜਲੀ ਬੋਰਡ ਮੁਲਾਜ਼ਮਾਂ ਨੇ ‘ਬਿਜਲੀ ਸੋਧ ਬਿੱਲ 2025’ ਖਿਲਾਫ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Publish Date: Tue, 10 Mar 2026 04:35 PM (IST)
Updated Date: Tue, 10 Mar 2026 04:39 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਾਵਰਕਾਮ ਅਤੇ ਟਰਾਂਸਕੋ ਦੇ ਰੈਗੂਲਰ ਅਤੇ ਆਊਟਸੋਰਸਡ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਗੇਟ ਤੇ ਰੋਸ ਰੈਲੀ ਕਰਨ ਉਪਰੰਤ ‘ਬਿਜਲੀ ਸੋਧ ਬਿੱਲ 2025’ ਖਿਲਾਫ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਪਾਵਰਕਾਮ ਐਂਡ ਟ੍ਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਪ੍ਰਧਾਨ ਕੇਸਰ ਸਿੰਘ ਸਰਕਲ ਸਕੱਤਰ ਮਨਜਿੰਦਰ ਸਿੰਘ, ਪੈਸਕੋ ਜ਼ਿਲ੍ਹਾ ਪ੍ਰਧਾਨ ਵਰਿੰਦਰ ਸਿੰਘ ਮੀਤਪ੍ਰਧਾਨ ਗੁਰਵਿੰਦਰ ਸਿੰਘ, ਟੀਐਸਯੂ ਭੰਗਲ ਤੋਂ ਗੁਰਾਦਿੱਤਾ ਸਿੰਘ, ਬੱਲਾ ਸਿੰਘ, ਐਮਐਸਯੂ ਗੁਰਦੀਪ ਸਿੰਘ, ਇੰਪਲਾਇਜ਼ ਫੈਡਰੇਸ਼ਨ ਤੋਂ ਮਨਿੰਦਰ ਸਿੰਘ, ਟੀਐਸਯੂ ਜੁਆਇੰਟ ਫੋਰਮ ਬਰਜਿੰਦਰ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਬਿਜਲੀ ਖੇਤਰ ਦਾ ਮੁਕੰਮਲ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਬਿਜਲੀ ਸੋਧ ਬਿੱਲ 2025 ਲਿਆਂਦਾ ਗਿਆ ਹੈ। ਇਸੇ ਮਨਸ਼ੇ ਤਹਿਤ ਹੀ ਕਾਮਿਆਂ ਦੀ ਕਿਰਤ ਦੀ ਲੁੱਟ ਨੂੰ ਤਿੱਖਾ ਕਰਦਿਆਂ ਐਕਟ 1948 ਵਾਲੇ ਕਾਮਾ ਪੱਖੀ ਕਿਰਤ ਕਾਨੂੰਨ ਰੱਦ ਕਰਕੇ ਚਾਰ ਲੇਬਰ ਕੋਡਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੀਆਂ ਜਮੀਨਾਂ ਵੇਚਣ ਦਾ ਫੈਸਲਾ ਕੀਤਾ ਹੈ, ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ‘ਬੀਜ ਬਿੱਲ 2025’ ਅਤੇ ਜੀ ਰਾਮ ਜੀ ਕਾਨੂੰਨਾਂ ਨਾਲ਼ ਵੀ ਕਿਸਾਨਾਂ-ਮਜ਼ਦੂਰਾਂ ਵਿੱਚ ਭਾਰੀ ਬੇਚੈਨੀ ਦਾ ਆਲਮ ਛਾਇਆ ਹੋਇਆ ਹੈ, ਬੀਜ ਬਿੱਲ 2025 ਰਾਹੀਂ ਵੱਡੀਆਂ ਕੰਪਨੀਆਂ ਨੂੰ ਲਾਈਸੈਂਸ ਦੇਕੇ ਮਨਮਰਜ਼ੀ ਦੇ ਭਾਅ ਤੇ ਬੀਜ ਵੇਚਣ ਦੀ ਖੁੱਲ ਦਿੱਤੀ ਜਾਵੇਗੀ ਅਤੇ ਨਵੇਂ ਜੀ ਰਾਮ ਜੀ ਕਾਨੂੰਨ ਰਾਹੀਂ ਗਰੀਬਾਂ ਨੂੰ ਮਿਲਦਾ ਨਾ-ਮਾਤਰ ਰੁਜ਼ਗਾਰ ਖੁੱਸ ਜਾਵੇਗਾ, ਕੇਂਦਰ ਸਰਕਾਰ ਵੱਲੋਂ ਨਿੱਜੀਕਰਨ ਦੀ ਨੀਤੀ ਦੇ ਤਹਿਤ ਸਭਨਾਂ ਵਿਭਾਗਾਂ,ਕਾਲਜਾਂ,ਯੂਨੀਵਰਸਿਟੀਆਂ ਦਾ ਕੇਂਦਰੀਕਰਨ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਇਨ੍ਹਾਂ ਕਾਨੂੰਨਾਂ/ਬਿੱਲਾਂ ਦੀ ਕਰੜੇ ਸ਼ਬਦਾਂ ’ਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਲੋਕ ਸਭਾ ’ਚ ਬਿਜਲੀ ਸੋਧ ਬਿੱਲ 2025, ਨਵੇਂ ਕਿਰਤ ਕਾਨੂੰਨ, ਬੀਜ ਬਿੱਲ 2025 ਅਤੇ ਜੀ ਰਾਮ ਜੀ ਕਾਨੂੰਨਾਂ ਨੂੰ ਤੁਰੰਤ ਪ੍ਰਭਾਵ ਨਾਲ਼ ਰੱਦ ਕਰਨ ਦਾ ਮਤਾ ਪਾਸ ਕਰੇ, ਜੇਕਰ ਕੇਂਦਰ ਨੇ ਇਨ੍ਹਾਂ ਲੋਕਮਾਰੂ ਨਵੇਂ ਕਾਨੂੰਨਾਂ ਨੂੰ ਰੱਦ ਨਾ ਕੀਤਾ ਤਾਂ ਜਨਤਕ ਜਥੇਬੰਦੀਆਂ ਸੰਘਰਸ਼ ਦਾ ਰਾਹ ਇਖ਼ਤਿਆਰ ਕਰਨ ਲਈ ਮਜ਼ਬੂਰ ਹੋਣਗੀਆਂ। ਰੋਸ ਪ੍ਰਦਰਸ਼ਨ ’ਚ ਪ੍ਰਧਾਨ ਸੁਖਚੈਨ ਸਿੰਘ, ਜੀਤ ਸਿੰਘ ਬਰੀਵਾਲਾ, ਸਤਨਾਮ ਸਿੰਘ, ਜਸਪ੍ਰੀਤ ਸਿੰਘ, ਬਲਵਿੰਦਰ ਸਿੰਘ ਐਨਸੀਸੀ ਅਤੇ ਹੋਰ ਸਾਥੀ ਹਾਜਰ ਸਨ।