ਤਰਕਸ਼ੀਲ ਨਾਟ ਮੇਲੇ ’ਚ ‘ਤੂੰ ਅਗਲਾ ਵਰਕਾ ਫੋਲ’ ਨੇ ਪਾਈ ਚਾਨਣ ਦੀ ਬਾਤ
ਤਰਕਸ਼ੀਲ ਨਾਟ ਮੇਲੇ ਵਿਚ 'ਤੂੰ ਅਗਲਾ ਵਰਕਾ ਫੋਲ' ਨੇ ਪਾਈ ਚਾਨਣ ਦੀ ਬਾਤ
Publish Date: Wed, 14 Jan 2026 04:47 PM (IST)
Updated Date: Wed, 14 Jan 2026 04:48 PM (IST)

- ਗਦਰ ਦੇ ਗੀਤ ਦੀ ਕੋਰੀਓਗ੍ਰਾਫੀ ਨੇ ਬਿਖੇਰਿਆ ਦੇਸ਼ ਭਗਤੀ ਦਾ ਰੰਗ ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਵਿਗਿਆਨਕ ਚੇਤਨਾ ਦੇ ਪ੍ਰਚਾਰ, ਪਾਸਾਰ ਲਈ ਤਰਕਸ਼ੀਲ ਸੁਸਾਇਟੀ ਦੇ ਸਥਾਨਕ ਜ਼ੋਨ ਵੱਲੋਂ ਲਗਾਏ ਗਏ ਨਾਟ ਮੇਲੇ ਦੇ ਪਹਿਲੇ ਦਿਨ, ਲੋਕ ਬੋਲੀਆਂ, ਕੋਰੀਓਗ੍ਰਾਫੀ ਤੇ ਨਾਟਕਾਂ ਨੇ ਮੇਲੀਆਂ ਦੇ ਮਨਾਂ ’ਤੇ ਚਾਨਣ ਦੀ ਦਸਤਕ ਦਿੱਤੀ। ਨਾਟ ਮੇਲੇ ਦੀ ਸ਼ੁਰੂਆਤ ਲੋਕ ਸੰਗੀਤ ਮੰਡਲੀ ਜੀਦਾ ਵੱਲੋਂ ਗਾਏ ਗਏ ਦੇਸ਼ ਭਗਤਾਂ, ਅਮਰ ਸ਼ਹੀਦਾਂ ਦੇ ਗੀਤਾਂ ਦੇ ਲੋਕ ਰੰਗ ਨਾਲ ਹੋਈ। ਸਥਾਨਕ ਡੇਰਾ ਭਾਈ ਮਸਤਾਨ ਸਿੰਘ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਅਮੋਲਕ ਸਿੰਘ ਦੇ ਲਿਖੇ ਗਦਰ ਦੇ ਗੀਤ ਉੱਤੇ ਕੋਰੀਓਗ੍ਰਾਫੀ ਪੇਸ਼ ਕਰਕੇ ਬੀਬੀ ਗੁਲਾਬ ਕੌਰ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਸੂਰਬੀਰਾਂ ਨੂੰ ਸਲਾਮ ਕੀਤੀ। ਮੇਲੇ ’ਚ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਚੇਤਨਾ ਦੇ ਮੇਲੇ ਚ ਗਿਆਨ, ਸੂਝ, ਸਿਆਣਪ ਤੇ ਤਰਕਸ਼ੀਲਤਾ ਨਾਲ ਜ਼ਿੰਦਗੀ ਤੇ ਸਮਾਜ ਬਦਲਣ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਸਮਾਜ ਨੂੰ ਬਰਾਬਰੀ ਦਾ ਬਣਾਉਣ ਤੇ ਭਰਮ ਮੁਕਤ ਕਰਨ ਲਈ ਤਰਕਸ਼ੀਲਤਾ ਦਾ ਰਾਹ ਪੈਣਾ ਵਕਤ ਦੀ ਲੋੜ ਹੈ। ਮੇਲੇ ਵਿਚ ਉੱਘੇ ਰੰਗ ਕਰਮੀ, ਨਾਟਕਕਾਰ ਤੇ ਨਿਰਦੇਸ਼ਕ ਡਾ. ਸਾਹਿਬ ਸਿੰਘ ਦਾ ਨਾਟਕ ਤੂੰ ਅਗਲਾ ਵਰਕਾ ਫੋਲ ਮੇਲੀਆਂ ਨੂੰ ਚੰਗੇ ਮਨੁੱਖ ਬਣ ਕੇ ਵਿਤਕਰਿਆਂ ਦੀਆਂ ਦੀਵਾਰਾਂ ਨੂੰ ਮਿਟਾ ਕੇ ਸ਼ਹੀਦਾਂ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਦਾ ਹੋਕਾ ਦੇ ਗਿਆ। ਨਾਟਕਕਾਰ ਨੇ ਕਲਾ ਦੇ ਨਾਟਕੀ ਰੂਪ ਰਾਹੀਂ ਆਜ਼ਾਦੀ ਤੋਂ ਪਹਿਲਾਂ ਤੇ ਹੁਣ ਦੀਆਂ ਘਟਨਾਵਾਂ ਦਾ ਜੋੜ ਮੇਲ ਕਰਕੇ ਸਮਾਜ ਦਾ ਰਾਹ ਰੁਸ਼ਨਾਉਣ ਦੀ ਮਸ਼ਾਲ ਜਗਾਈ। ਮੇਲੇ ਵਿਚ ਸੁਖਦੇਵ ਮਲੂਕਪੁਰੀ ਨੇ ਜਾਦੂ ਦੇ ਦਿਲਚਸਪ ਖੇਲ ਵਿਖਾ ਕੇ ਜਾਦੂ ਦੇ ਭੇਦ ਸਮਝਾਏ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਹਿੰਦੀ ਰਸਾਲੇ ਤਰਕਸ਼ੀਲ ਪੱਥ ਦੇ ਸੰਪਾਦਕ ਕੁਲਜੀਤ ਡੰਗਰਖੇੜਾ ਨੇ ਨਿਭਾਈ। ਮੇਲੇ ਦੀ ਸਫ਼ਲਤਾ ਲਈ ਰਾਮ ਸਵਰਨ ਲੱਖੇਵਾਲੀ, ਪਰਵੀਨ ਜੰਡਵਾਲਾ, ਪਰਮਿੰਦਰ ਖੋਖਰ, ਤੇਜਿੰਦਰ ਸਿੰਘ, ਗੁਰਮੀਤ ਭਲਵਾਨ, ਬਲਦੇਵ ਲੱਧੂਵਾਲਾ, ਸੰਜੇ ਕੁਮਾਰ ਨੇ ਭਰਵਾਂ ਯੋਗਦਾਨ ਯੋਗਦਾਨ ਪਾਇਆ। ਮੇਲੇ ਵਿਚ ਜੁੜੇ ਮੇਲੀਆਂ ਨੇ ਪੁਸਤਕਾਂ ਦੀ ਸਟਾਲ ਤੋੰ ਪੁਸਤਕਾਂ ਖਰੀਦਣ ਵਿਚ ਰੁਚੀ ਵਿਖਾਈ। ਕੱਲ੍ਹ ਤਰਕਸ਼ੀਲ ਨਾਟ ਮੇਲੇ ਦੇ ਦੂਸਰੇ ਦਿਨ ਪੀਪਲਜ਼ ਆਰਟ ਪਟਿਆਲਾ ਦੇ ਕਲਾਕਾਰ ਭਗਤ ਸਿੰਘ ਦੀਆਂ ਸੋਚਾਂ ਸੁਪਨਿਆਂ ਦੇ ਆਧਾਰਤ ਨਾਟਕ ਮੈਂ ਫਿਰ ਆਵਾਂਗਾ ਪੇਸ਼ ਕਰਨਗੇ, ਜਦਕਿ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਕਵੀਸ਼ਰੀ ਰੰਗ ਪੇਸ਼ ਕਰਨਗੇ।