ਬਿਜਲੀ ਮੁਲਾਜ਼ਮਾਂ ਨੇ ਪਾਵਰਕਾਮ ਮੈਨੇਜਮੈਂਟ, ਕੇਂਦਰ ਤੇ ਸੂਬਾ ਸਰਕਾਰ ਦੀ ਅਰਥੀ ਸਾੜੀ
ਬਿਜਲੀ ਮੁਲਾਜ਼ਮਾਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਅਰਥੀ ਸਾੜੀ
Publish Date: Tue, 17 Feb 2026 04:38 PM (IST)
Updated Date: Tue, 17 Feb 2026 04:42 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਠੇਕਾ ਮੁਲਾਜਮ ਸਘੰਰਸ਼ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਬਿਜਲੀ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਵੱਲੋਂ ਉਦਯੋਗਿਕ ਕੋਡ ਸੋਧ ਬਿੱਲ ਪਾਸ ਕਰਕੇ ਪਾਰਲੀਮੈਂਟ ’ਚ ਮਨਜ਼ੂਰੀ ਦੇਣ ਦੇ ਵਿਰੋਧ ਵਿੱਚ ਅਤੇ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਪਟਿਆਲਾ ਵਿਖੇ ਬਡੂੰਗਰ ਦੀ 50 ਏਕੜ ਜਮੀਨ ਵੇਚਣ ਦੇ ਫੈਸਲੇ ਨੂੰ ਬੀਓਡੀ ਦੀ ਮੀਟਿੰਗ ਵਿੱਚ ਪ੍ਰਵਾਨਗੀ ਦੇਣ ਦੇ ਕੀਤੇ ਫੈਸਲੇ ਦੇ ਵਿਰੋਧ ਵਿੱਚ ਰੈਲੀ ਕਰਕੇ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਅਰਥੀ ਸਾੜੀ ਗਈ। ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ ਦੇ ਸਰਕਲ ਪ੍ਰਧਾਨ ਕੇਸਰ ਸਿੰਘ, ਸਕੱਤਰ ਮਨਜਿੰਦਰ ਸਿੰਘ, ਸਰਕਲ ਵਿੱਤ ਸਕੱਤਰ ਸੁਖਰਾਜ ਸਿੰਘ, ਡਵੀਜ਼ਨ ਪ੍ਰਧਾਨ ਬਲਰਾਜ ਸਿੰਘ, ਸਕੱਤਰ ਮੇਜਰ ਸਿੰਘ, ਵਿੱਤ ਸਕੱਤਰ ਗੁਰਪ੍ਰੀਤ ਸਿੰਘ, ਪੀਐਸਪੀਸੀਐਲ ਅਤੇ ਪੀਐਸਟੀਸੀਐਲ ਕੰਟਰਕਚੂਅਲ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ ਜੁਆਇੰਟ ਸਕੱਤਰ, ਗੁਰਵਿੰਦਰ ਸਿੰਘ ਮੀਤ ਪ੍ਰਧਾਨ, ਰਾਹੁਲ ਕੁਮਾਰ ਵਿੱਤ ਸਕੱਤਰ ਨੇ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਤੋਂ ਬਣੇ ਲੋਕ ਪੱਖੀ ਕਾਨੂੰਨਾਂ ਨੂੰ ਵੱਡੀ ਪੱਧਰ ਤੇ ਤਬਦੀਲ ਅਤੇ ਬਹੁਤ ਸਾਰੇ ਕਾਨੂੰਨਾਂ ਨੂੰ ਮੁੱਢੋਂ ਹੀ ਖਤਮ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਵੱਡੀ ਪੱਧਰ ਤੇ ਕਾਰਪੋਰੇਟ ਪੱਖੀ ਨਵੇਂ ਨਵੇਂ ਕਾਨੂੰਨ ਲਿਆ ਕੇ ਕਿਰਤੀ ਲੋਕਾਂ ਦੀ ਰੱਤ ਨਿਚੋੜ ਲੁੱਟ ਕਰਨ ਦਾ ਹੱਲਾ ਵਿੱਢਿਆ ਹੋਇਆ ਹੈ। ਇਸ ਹੱਲੇ ਤਹਿਤ ਹੀ ਉਦਯੋਗਿਕ ਸਬੰਧ ਕੋਡ ਸੋਧ ਬਿੱਲ ਪਾਰਲੀਮੈਂਟ ’ਚ ਪਾਸ ਕਰ ਦਿੱਤਾ ਗਿਆ ਹੈ। ਕਾਮਾ ਦੋਖੀ ਚਾਰ ਲੇਬਰ ਕੋਡ ਵੀ ਲਾਗੂ ਕੀਤੇ ਜਾ ਰਹੇ ਹਨ। ਖੇਤੀ ਤੇ ਕਾਰਪੋਰੇਟੀ ਕਬਜ਼ਾ ਕਰਾਉਣ ਲਈ ਬੀਜ ਬਿੱਲ 2025 ਲਿਆਂਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪਾਵਰਕਾਮ ਦੀਆਂ ਜਮੀਨਾਂ ਵੇਚੀਆਂ ਜਾ ਰਹੀਆਂ ਹਨ, ਪਟਿਆਲਾ ਨੇੜੇ ਬੰਡੂਗਰ ਦੀ 50 ਏਕੜ ਜ਼ਮੀਨ ਵੇਚਣ ਦਾ ਫੈਸਲਾ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿੱਚ ਕਰ ਦਿੱਤਾ ਗਿਆ ਹੈ, ਰਾਜਪੁਰਾ ਥਰਮਲ ਪਲਾਂਟ ਗੁਜਰਾਤ ਦੀ ਇੱਕ ਕੰਪਨੀ ਨੂੰ ਵੇਚ ਦਿੱਤਾ ਗਿਆ ਹੈ। ਜਿਸ ਦੀ ਆਗੂਆਂ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਇਹਨਾਂ ਨੀਤੀਆਂ ਨੂੰ ਲਾਗੂ ਕਰਨਾ ਬੰਦ ਕਰੇ। ਆਗੂਆਂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੀਆਂ 90 ਦੇ ਕਰੀਬ ਜਥੇਬੰਦੀਆਂ ਦੇ ਸਾਂਝੇ ਫੈਸਲੇ ਮੁਤਾਬਕ 22 ਫਰਵਰੀ ਨੂੰ ਬੀਜੇਪੀ ਦੇ ਮਨਪ੍ਰੀਤ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਮੰਤਰੀ ਬਲਜੀਤ ਕੌਰ ਦੇ ਘਰਾਂ ਸਾਹਮਣੇ ਸਾਂਝੇ ਵਿਸ਼ਾਲ ਰੋਸ ਧਰਨੇ ਦਿੱਤੇ ਜਾਣਗੇ। ਜੇਕਰ ਕੇਂਦਰ ਸਰਕਾਰ ਵੱਲੋਂ ਲੋਕ ਸਭਾ/ਰਾਜ ਸਭਾ ਵਿੱਚ ਬਿਜਲੀ ਸੋਧ ਬਿਲ 2025 ਅਤੇ ਬੀਜ ਬਿੱਲ 2025 ਲਿਆਂਦਾ ਗਿਆ ਤਾਂ ਉਸ ਦਿਨ ਨੂੰ ਕਾਲਾ ਦਿਨ ਮਨਾਉਂਦਿਆਂ ਤਿਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ ਵਿੱਚ ਸੁਖਚੈਨ ਸਿੰਘ, ਸਤਨਾਮ ਸਿੰਘ, ਜਸਪ੍ਰੀਤ ਸਿੰਘ, ਰਣਜੀਤ ਸਿੰਘ ਹਾਜਰ ਸਨ।