ਏਕਤਾ ਭਲਾਈ ਮੰਚ ਵਾਈਸ ਚਾਂਸਲਰ ਡਾ. ਸੂਦ ਨਾਲ ਮੁਲਾਕਾਤ ਕਰੇਗਾ : ਢੋਸੀਵਾਲ
ਏਕਤਾ ਭਲਾਈ ਮੰਚ ਵਾਇਸ ਚਾਂਸਲਰ ਡਾ. ਸੂਦ ਨਾਲ ਮੁਲਾਕਾਤ ਕਰੇਗਾ : ਢੋਸੀਵਾਲ
Publish Date: Sat, 14 Mar 2026 03:33 PM (IST)
Updated Date: Sat, 14 Mar 2026 03:36 PM (IST)

- ਪ੍ਰਸ਼ਾਸਨਿਕ ਸੁਧਾਰਾਂ ਲਈ ਵਧਾਈ ਦਿੱਤੀ ਜਾਵੇਗੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਯੂਰੋਲੋਜਿਸਟ ਡਾ. ਰਾਜੀਵ ਸੂਦ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦਾ ਅਹੁਦਾ ਸੰਭਾਲਦਿਆਂ ਹੀ ਪ੍ਰਸ਼ਾਸਨਿਕ ਅਤੇ ਪ੍ਰਬੰਧਕੀ ਸੁਧਾਰਾਂ ਵੱਲ ਸ਼ਲਾਘਾਯੋਗ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਸਨ। ਆਪਣੇ ਮੁਲਾਜ਼ਮਾਂ ਦੇ ਸਾਰੇ ਜਾਇਜ਼ ਮਸਲਿਆਂ ਨੂੰ ਵਧੀਆ ਢੰਗ ਨਾਲ ਸੁਲਝਾਉਣਾ ਸ਼ੁਰੂ ਕੀਤਾ, ਯੋਗ ਅਤੇ ਸੇਵਾ ਸ਼ਰਤਾਂ ਪੂਰੀਆਂ ਕਰਨ ਵਾਲੇ ਕਰਮਚਾਰੀਆਂ ਦੀਆਂ ਤਰੱਕੀਆਂ ਕੀਤੀਆਂ। ਲੁੜੀਂਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ। ਯੂਨੀਵਰਸਿਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਹਸਪਤਾਲ ਵਿੱਚ ਨਵੀਆਂ ਇਮਾਰਤਾਂ ਦੀ ਉਸਾਰੀ ਕਰਵਾਈ ਅਤੇ ਆਧੁਨਿਕ ਮਸ਼ੀਨਾਂ ਵੀ ਮੁਹੱਈਆ ਕਰਵਾਈਆਂ। ਡਾ. ਸੂਦ ਦੀਆਂ ਕੋਸ਼ਿਸ਼ਾਂ ਸਦਕਾ ਯੂਨੀਵਰਸਿਟੀ ਨੂੰ ਅੰਤਰ ਰਾਸ਼ਟਰੀ ਪੱਧਰ ’ਤੇ ਗਰੀਨ ਯੂਨੀਵਰਸਿਟੀ ਦਾ ਖਿਤਾਬ ਮਿਲਿਆ। ਇੰਨਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਐੱਮਬੀਬੀਐੱਸ ਦੀਆਂ ਸੌ ਦੇ ਕਰੀਬ ਸੀਟਾਂ ਵਿੱਚ ਵਾਧਾ ਹੋਇਆ ਹੈ। ਡਾ. ਸੂਦ ਦੀ ਪ੍ਰਬੰਧਕੀ ਕਾਰਜ ਕੁਸ਼ਲਤਾ ਦਾ ਪ੍ਰਤੱਖ ਪ੍ਰਮਾਣ ਦਿੰਦੇ ਹੋਏ ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਨਰਸਿੰਗ ਅਤੇ ਫਾਰਮੇਸੀ ਕਾਲਜਾਂ ਦਾ ਕੰਟਰੋਲ ਬਾਬਾ ਫਰੀਦ ਯੂਨੀਵਰਸਿਟੀ ਦੀ ਅਗਵਾਈ ਹੇਠ ਲਿਆਂਦਾ। ਐੱਲਬੀਸੀਟੀ (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਸੰਸਥਾਪਕ ਚੇਅਰਮੈਨ ਅਤੇ ਆਲ ਇੰਡੀਆ ਐੱਸਸੀ/ਬੀਸੀ/ਐੱਸਟੀ ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੇ ਵਾਈਸ ਚਾਂਸਲਰ ਡਾ. ਸੂਦ ਦੇ ਪ੍ਰਬੰਧਕੀ ਅਤੇ ਪ੍ਰਸ਼ਾਸਨਿਕ ਸੁਧਾਰਾਂ ਦੀ ਸ਼ਲਾਘਾ ਕੀਤੀ ਹੈ। ਅੱਜ ਇੱਥੇ ਮੰਚ ਦੇ ਮੁੱਖ ਦਫ਼ਤਰ ਤੋਂ ਉਕਤ ਜਾਣਕਾਰੀ ਦਿੰਦੇ ਹੋਏ ਸ਼੍ਰੀ ਢੋਸੀਵਾਲ ਨੇ ਕਿਹਾ ਹੈ ਕਿ ਡਾ. ਸੂਦ ਦੀ ਸ਼ਲਾਘਾਯੋਗ ਕਾਰਜਸ਼ੈਲੀ ਯੂਨੀਵਰਸਿਟੀ ਦੇ ਸੁਧਾਰਾਂ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ। ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਅਗਲੇ ਹਫਤੇ ਵਾਈਸ ਚਾਂਸਲਰ ਡਾ. ਸੂਦ ਨਾਲ ਮੁਲਾਕਾਤ ਕਰਕੇ ਉਨ੍ਹਾਂ ਵੱਲੋਂ ਉਠਾਏ ਜਾ ਰਹੇ ਸ਼ਲਾਘਾਯੋਗ ਕਾਰਜਾਂ ਸਬੰਧੀ ਵਧਾਈ ਦਿੱਤੀ ਜਾਵੇਗਾ।