ਗਿੱਦੜਬਾਹਾ ਦੀ ਜਾਮਾ ਮਸਜਿਦ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ
ਗਿੱਦੜਬਾਹਾ ਦੀ ਜਾਮਾ ਮਸਜਿਦ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ
Publish Date: Sat, 21 Mar 2026 03:36 PM (IST)
Updated Date: Sat, 21 Mar 2026 03:40 PM (IST)
ਜਗਸੀਰ/ਬਾਘਲਾ, ਪੰਜਾਬੀ ਜਾਗਰਣ
ਗਿੱਦੜਬਾਹਾ/ਦੋਦਾ : ਪਵਿੱਤਰ ਰਮਜ਼ਾਨ ਦੇ ਮਹੀਨੇ ਦੇ ਰੋਜ਼ਿਆਂ ਦੀ ਸਮਾਪਤੀ ਤੋਂ ਬਾਅਦ ਅੱਜ ਗਿੱਦੜਬਾਹਾ ਦੀ ਇਤਿਹਾਸਕ ਜਾਮਾ ਮਸਜਿਦ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਸਜਿਦ ਵਿੱਚ ਇਕੱਠੇ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ। ਸਵੇਰ ਵੇਲੇ ਹੀ ਮੁਸਲਿਮ ਭਾਈਚਾਰੇ ਦੇ ਲੋਕ ਨਵੇਂ ਕੱਪੜੇ ਪਹਿਨ ਕੇ ਮਸਜਿਦ ’ਚ ਪਹੁੰਚਣੇ ਸ਼ੁਰੂ ਹੋ ਗਏ ਸਨ। ਮਸਜਿਦ ਦੇ ਮੋਲਵੀ ਸ਼ਮਸੂਦੀਨ ਨੇ ਈਦ ਦੀ ਨਮਾਜ਼ ਅਦਾ ਕਰਵਾਈ। ਨਮਾਜ਼ ਤੋਂ ਬਾਅਦ ਮੋਲਵੀ ਨੇ ਈਦ ਦੇ ਮਹੱਤਵ ਬਾਰੇ ਦੱਸਿਆ ਅਤੇ ਸਮੂਹ ਸੰਗਤ ਨੂੰ ਨੇਕੀ ਦੇ ਰਾਹ 'ਤੇ ਚੱਲਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਦੇਸ਼ ਵਿੱਚ ਅਮਨ-ਸ਼ਾਂਤੀ, ਤਰੱਕੀ ਅਤੇ ਆਪਸੀ ਪਿਆਰ ਬਰਕਰਾਰ ਰੱਖਣ ਲਈ ਵਿਸ਼ੇਸ਼ ਦੁਆ ਵੀ ਮੰਗੀ। ਈਦ ਦੀ ਨਮਾਜ਼ ਤੋਂ ਬਾਅਦ ਸਾਰਿਆਂ ਨੇ ਇੱਕ-ਦੂਜੇ ਦੇ ਗਲੇ ਮਿਲ ਕੇ 'ਈਦ ਮੁਬਾਰਕ' ਕਹਿ ਕੇ ਵਧਾਈਆਂ ਦਿੱਤੀਆਂ। ਇਸ ਮੌਕੇ ਸਿਰਫ਼ ਮੁਸਲਿਮ ਭਾਈਚਾਰਾ ਹੀ ਨਹੀਂ, ਸਗੋਂ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਮਸਜਿਦ ਪਹੁੰਚ ਕੇ ਆਪਣੇ ਮੁਸਲਿਮ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ, ਜੋ ਕਿ ਸ਼ਹਿਰ ਦੀ ਸਾਂਝੀਵਾਲਤਾ ਦੀ ਇੱਕ ਬਹੁਤ ਹੀ ਖੂਬਸੂਰਤ ਮਿਸਾਲ ਸੀ। ਇਸ ਮੌਕੇ ਮੋਲਵੀ ਸ਼ਮਸੂਦੀਨ, ਪ੍ਰਧਾਨ ਡਾ. ਮੁਨੀਰ ਖਾਂ, ਸਲੀਮ ਖਾਂ (ਬਿੱਟੂ), ਡਾ. ਸਲੀਮ, ਸੋਨੂੰ ਖਾਂ, ਨੱਥੂ ਖਾਂ, ਮੁਹੰਮਦ ਅਮਨ ਖਾਂ, ਮੁਹੰਮਦ ਸਹਿਜਾਦ, ਕੇਵਲ ਖਾਂ ਨੇ ਕਿਹਾ ਕਿ "ਈਦ ਦਾ ਇਹ ਪਵਿੱਤਰ ਤਿਉਹਾਰ ਸਾਨੂੰ ਆਪਸੀ ਵੈਰ-ਵਿਰੋਧ ਭੁਲਾ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਰਾਹ ਦਿਖਾਉਂਦਾ ਹੈ।" ਮਸਜਿਦ ਕਮੇਟੀ ਵੱਲੋਂ ਸੰਗਤ ਲਈ ਪੀਣ ਵਾਲੇ ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਬੱਚਿਆਂ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ, ਜੋ ਰੰਗ-ਬਿਰੰਗੇ ਕੱਪੜੇ ਪਾ ਕੇ ਈਦ ਦੀ ਖੁਸ਼ੀ ਮਨਾ ਰਹੇ ਸਨ। ਮਸਜਿਦ ਦੇ ਬਾਹਰ ਲੱਗੀਆਂ ਦੁਕਾਨਾਂ ਅਤੇ ਮੇਲੇ ਵਰਗੇ ਮਾਹੌਲ ਨੇ ਤਿਉਹਾਰ ਦੀ ਰੌਣਕ ਨੂੰ ਹੋਰ ਵਧਾ ਦਿੱਤਾ।