ਸੂਬਾ ਭਰ ’ਚ ਟੈੱਟ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ 6 ਤੇ 7 ਅਪ੍ਰੈਲ ਨੂੰ : ਡੀਟੀਐੱਫ
ਡੀਟੀਐਫ ਪੰਜਾਬ ਵੱਲੋਂ ਸੂਬਾ ਭਰ ’ਚ ਟੈੱਟ ਟੈਸਟ ਖਿਲਾਫ 6 ਅਤੇ 7 ਅਪ੍ਰੈਲ ਨੂੰ ਅਰਥੀ ਫੂਕ ਮੁਜ਼ਾਹਰੇ ਐਲਾਨੇ
Publish Date: Tue, 31 Mar 2026 05:34 PM (IST)
Updated Date: Tue, 31 Mar 2026 05:37 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸੁਪਰੀਮ ਕੋਰਟ ਦੇ ਗੈਰ-ਕੁਦਰਤੀ ਤੌਰ ਤੇ ਦਿੱਤੇ ਅਧਿਆਪਕ ਵਿਰੋਧੀ ਫੈਸਲੇ ਖਿਲਾਫ ਲਗਾਤਾਰ ਚੱਲ ਰਹੇ ਸੰਘਰਸ਼ ਦੌਰਾਨ ਸਿੱਖਿਆ ਮੰਤਰੀ ਪੰਜਾਬ ਵੱਲੋਂ ਜਥੇਬੰਦੀਆਂ ਨਾਲ ਮੀਟਿੰਗਾਂ ਵਿੱਚ ਵਾਅਦੇ ਕੀਤੇ ਗਏ ਵਾਅਦਿਆਂ ਦੇ ਉਲਟ ਟੀਈਟੀ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ’ਚ ਰਿਵਿਊ ਪਟੀਸ਼ਨ ਨਾ ਪਾ ਕੇ ਅਤੇ ਵਿਧਾਨ ਸਭਾ ’ਚ ਅਧਿਆਪਕਾਂ ਦੇ ਹੱਕ ’ਚ ਬਿੱਲ ਪਾਸ ਨਾ ਕਰਕੇ ਵਾਅਦਾ ਖਿਲਾਫੀ ਕੀਤੀ ਗਈ ਹੈ। ਇਸ ਖ਼ਿਲਾਫ਼ ਸਮੁੱਚੇ ਅਧਿਆਪਕ ਵਰਗ ’ਚ ਵਿਆਪਕ ਪੱਧਰ ਤੇ ਗੁੱਸੇ ਦੀ ਲਹਿਰ ਹੈ। ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਤੇ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਨੇ ਸੂਬਾ ਸਰਕਾਰ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਅਧਿਆਪਕ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ। ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸੇਤੀਆ ਮੀਤ ਪ੍ਰਧਾਨ ਪਰਮਿੰਦਰ ਖੋਖਰ ਅਤੇ ਜ਼ਿਲ੍ਹਾ ਵਿੱਤ ਸਕੱਤਰ ਨੀਰਜ਼ ਬਜਾਜ ਨੇ ਕਿਹਾ ਕਿ ਅਧਿਆਪਕਾਂ ਉਪਰ ਜ਼ਬਰੀ ਵਿਭਾਗੀ ਟੈੱਟ ਟੈਸਟ ਥੋਪਿਆ ਜਾ ਰਿਹਾ ਹੈ। ਸਰਕਾਰੀ ਧੱਕੇਸ਼ਾਹੀ ਖ਼ਿਲਾਫ਼ ਮੁਕਤਸਰ ਜ਼ਿਲ੍ਹੇ ਦੀਆਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਅਰਥੀ ਫੂਕ ਮੁਜ਼ਾਹਰੇ ’ਚ 6 ਤੇ 7 ਅਪ੍ਰੈਲ ਨੂੰ ਹੋਣਗੇ। ਇਸ ਸਮੇਂ ਗੁਰਵਰਿਆਮ ਸਰਾਵਾਂ, ਕੁਲਦੀਪ ਸ਼ਰਮਾ ਖੁੱਡੀਆਂ, ਗੁਰਪ੍ਰੀਤ ਲੰਬੀ, ਕੁਲਵਿੰਦਰ ਗੁਲਾਬੇ ਵਾਲਾ, ਚਰਨਜੀਤ ਅਟਵਾਲ, ਰਵੀ ਸ਼ਰਮਾ ਰਵਿੰਦਰ ਰਵੀ, ਸੁਖਜੀਤ ਥਾਂਦੇਵਾਲਾਂ ਵਰਿੰਦਰਜੀਤ ਬਿੱਟਾ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਆਗੂ ਹਾਜ਼ਰ ਸਨ।