ਡਾ. ਬਲਜੀਤ ਕੌਰ ਵੱਲੋਂ ਮਲੋਟ ’ਚ 16.25 ਕਰੋੜ ਦਾ ਵਾਟਰ ਸਪਲਾਈ ਪ੍ਰਾਜੈਕਟ ਸ਼ੁਰੂ
ਡਾ. ਬਲਜੀਤ ਕੌਰ ਵੱਲੋਂ ਮਲੋਟ ’ਚ 16.25 ਕਰੋੜ ਦਾ ਵਾਟਰ ਸਪਲਾਈ ਪ੍ਰੋਜੈਕਟ ਸ਼ੁਰੂ
Publish Date: Tue, 24 Mar 2026 05:08 PM (IST)
Updated Date: Tue, 24 Mar 2026 05:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਹਲਕੇ ਦੀ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਯਤਨਾਂ ਸਦਕਾ ਮਲੋਟ ਸ਼ਹਿਰ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤ 2 ਸਕੀਮ ਅਧੀਨ 16.25 ਕਰੋੜ ਦੀ ਲਾਗਤ ਨਾਲ ਮਲੋਟ ਸ਼ਹਿਰ ਲਈ ਵਾਟਰ ਸਪਲਾਈ ਪ੍ਰੋਜੈਕਟ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਲਗਭਗ ਇੱਕ ਲੱਖ ਆਬਾਦੀ ਨੂੰ ਸਿੱਧਾ ਲਾਭ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸਰਹਿੰਦ ਫੀਡਰ ‘ਤੇ ਨਵੀਂ ਪੰਪਿੰਗ ਮਸ਼ੀਨਰੀ ਲਗਾਈ ਜਾਵੇਗੀ ਅਤੇ ਪੁਰਾਣੀ ਤੇ ਲੀਕੇਜ ਕਾਰਨ ਖਰਾਬ ਹੋ ਚੁੱਕੀ 8300 ਮੀਟਰ ਪਾਇਪ ਲਾਈਨ ਨੂੰ ਬਦਲ ਕੇ ਨਵੀਂ ਲਾਈਨ ਵਿਛਾਈ ਜਾਵੇਗੀ। ਇਸ ਦੇ ਨਾਲ ਹੀ ਸ਼ਹਿਰ ਦੇ ਹਰ ਨੁੱਕਰ ਤੱਕ ਪਾਣੀ ਪਹੁੰਚਾਉਣ ਲਈ ਕਰੀਬ 20 ਕਿਲੋਮੀਟਰ ਨਵੀਂ ਪਾਇਪ ਲਾਈਨ ਵੀ ਵਿਛਾਈ ਜਾਵੇਗੀ। ਉਨ੍ਹਾਂ ਨੇ ਹੋਰ ਦੱਸਿਆ ਕਿ ਇਸ ਯੋਜਨਾ ਤਹਿਤ ਲਗਭਗ 3000 ਘਰਾਂ ਨੂੰ ਨਵੇਂ ਹਾਊਸ ਕਨੈਕਸ਼ਨ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਲੋਕਾਂ ਨੂੰ ਸਾਫ਼ ਅਤੇ ਪੂਰੀ ਮਾਤਰਾ ਵਿੱਚ ਪੀਣ ਵਾਲਾ ਪਾਣੀ ਮਿਲੇਗਾ। ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪ੍ਰੋਜੈਕਟ ਇੱਕ ਸਾਲ ਦੇ ਅੰਦਰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਇਸ ਨਾਲ ਮਲੋਟ ਦੇ ਨਿਵਾਸੀਆਂ ਨੂੰ ਪਾਣੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਮੌਕੇ ਈਓ ਮੰਗਤ ਰਾਮ, ਐੱਸਡੀਓ ਵਿਸ਼ਵਜੀਤ ਸਿੰਘ, ਜੇਈ ਰਜਿੰਦਰ ਸਿੰਘ ਤੇ ਹਰਜਿੰਦਰ ਸਿੰਘ, ਆਪ ਸ਼ਹਿਰੀ ਪ੍ਰਧਾਨ ਰਾਜੀਵ ਉੱਪਲ, ਜਸਮੀਤ ਬਰਾੜ, ਕੌਂਸਲਰ ਹਰਮੇਲ ਸਿੰਘ ਸੰਧੂ, ਪੀਏ ਅਰਸ਼ ਸਿੱਧੂ, ਪੀਏ ਛਿੰਦਰ ਪਾਲ ਸਿੰਘ, ਆਪ ਆਗੂ ਜੋਨੀ ਗਰਗ, ਦਫਤਰ ਇੰਚਾਰਜ ਵਿਕਰਾਂਤ ਖੁਰਾਣਾ, ਗੁਰਪਿਆਰ ਸਿੰਘ, ਬਲਦੇਵ ਰਾਜ ਸ਼ਰਮਾ, ਜਸਵਿੰਦਰ ਸਿੰਘ, ਸੋਨੂ ਸਿੱਧੂ, ਮੋਹਨ ਸਿੰਘ, ਇਕਬਾਲ ਸਿੰਘ ਅਤੇ ਸ਼ਹਿਰ ਵਾਸੀ ਹਾਜ਼ਰ ਸਨ।