ਡਾ. ਆਸਥਾ ਵੈਟਰਨਰੀ ਅਫ਼ਸਰ ਨਿਯੁਕਤੀ
ਮੁਕਤਸਰ ਦੀ ਡਾ. ਆਸਥਾ ਨੂੰ ਮਿਲਿਆ ਵੈਟਰਨਰੀ ਅਫਸਰ ਵਜੋਂ ਨਿਯੁਕਤੀ ਪੱਤਰ
Publish Date: Sat, 31 Jan 2026 04:29 PM (IST)
Updated Date: Sat, 31 Jan 2026 04:31 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਨੂੰ ਲਗਾਤਾਰ ਤਰੱਕੀ ਦੀਆਂ ਰਾਹਾਂ ’ਤੇ ਲੈ ਕੇ ਜਾਣ ’ਤੇ ਰੰਗਲਾ ਪੰਜਾਬ ਬਣਾਉਣ ਦੇ ਉਦੇਸ਼ ਨਾਲ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਾਬਲੀਅਤ ਦੇ ਅਧਾਰ ’ਤੇ ਲਗਾਤਾਰ ਵੱਖ-ਵੱਖ ਵਿਭਾਗਾਂ ’ਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਦੇ ਤਹਿਤ ਪਿਛਲੇ ਦਿਨੀਂ ਵਿਕਾਸ ਭਵਨ ਮੋਹਾਲੀ ਸੈਕਟਰ 62 ’ਚ ਹੋਏ ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਖ-ਵੱਖ 5 ਵਿਭਾਗਾਂ ਦੇ 916 ਬੱਚਿਆਂ ਨੂੰ ਨਿਯੁਕਤੀ ਪੱਤਰ ਵੰਡੇ, ਜਿਨ੍ਹਾਂ ’ਚ ਪਸ਼ੂ ਪਾਲਣ ਵਿਭਾਗ ਦੇ 288 ਬੱਚੇ ਸ਼ਾਮਿਲ ਸਨ। ਇਸੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੀ ਹੋਣਹਾਰ ਵਿਦਿਆਰਥਣ ਡਾ. ਆਸਥਾ ਵਲੇਚਾ ਪੁੱਤਰੀ ਨਰੇਸ਼ ਵਲੇਚਾ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੈਟਰਨਰੀ ਅਫ਼ਸਰ ਵਜੋਂ ਆਪਣੇ ਕਰ ਕਮਲਾਂ ਨਾਲ ਨਿਯੁਕਤੀ ਪੱਤਰ ਸੌਂਪਿਆ। ਡਾ. ਆਸਥਾ ਨੇ ਦੱਸਿਆ ਕਿ ਉਸਨੇ ਸਾਢੇ 5 ਸਾਲ ਦੀ ਬੀਬੀਐਸਈ ਦੀ ਪੜ੍ਹਾਈ ਕੀਤੀ ਹੋਈ ਸੀ ਤੇ ਪੀਐਸਈ ਦਾ ਪੇਪਰ ਦੇਣ ਉਪਰੰਤ ਜੁਲਾਈ 2025 ਉਸ ਦਾ ਇੰਟਰਵਿਊ ਹੋਇਆ ਸੀ, ਤੇ 12 ਲੜਕੀਆਂ ਵਿਚੋਂ ਉਸ ਦਾ ਪਹਿਲਾਂ ਰੈਂਕ ਆਇਆ। ਫਿਲਹਾਲ ਅਜੇ ਪੋਸਟ ਦੇ ਲਈ ਸਟੇਸ਼ਨ ਅਲਾਟ ਹੋਣ ਬਾਕੀ ਹੈ। ਡਾ. ਆਸਥਾ ਦੀ ਨਿਯੁਕਤੀ ’ਤੇ ਵਲੇਚਾ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।