ਜ਼ਿਲ੍ਹਾ ਪ੍ਰਸ਼ਾਸਨ ਔਰਤਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਲਈ ਵਚਨਬੱਧ
ਜ਼ਿਲ੍ਹਾ ਪ੍ਰਸ਼ਾਸਨ ਮਹਿਲਾਵਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ
Publish Date: Thu, 12 Mar 2026 06:08 PM (IST)
Updated Date: Fri, 13 Mar 2026 04:07 AM (IST)

-ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਪ੍ਰੋਗਰਾਮ ਦਾ ਆਯੋਜਨ -100 ਮਹਿਲਾ ਉੱਦਮੀਆਂ ਨੂੰ ਕੀਤਾ ਗਿਆ ਸਨਮਾਨਿਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੰਜਾਬ ਸਰਕਾਰ ਮਹਿਲਾ, ਉੱਦਮੀ ਸਨਮਾਨ- 2026 ਤਹਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਮਹਿਲਾ ਉੱਦਮੀਆਂ ਦੇ ਸਨਮਾਨ ਲਈ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਤਹਿਤ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਜ਼ਿਲ੍ਹਾ ਰੈੱਡ ਕਰਾਸ, ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ, ਜਿਸ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡੈਵੀ ਗੋਇਲ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨਾਲ ਹਾਜ਼ਰ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਵੱਖ-ਵੱਖ ਸਵੈ-ਸਹਾਇਤਾ ਗਰੁੱਪ ਬਣਾਏ ਗਏ ਹਨ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਔਰਤਾਂ ਸਵੈ ਸਹਾਇਤਾ ਗਰੁੱਪਾਂ ਰਾਹੀਂ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਰਹੀਆਂ ਹਨ। ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਚਲਾਏ ਜਾਂਦੇ ਸਵੈ ਸਹਾਇਤਾ ਗਰੁੱਪਾਂ ਨਾਲ ਜੁੜ ਕੇ ਇਹ ਔਰਤਾਂ ਨਾ ਕੇਵਲ ਆਪਣੇ ਪਰਿਵਾਰ ਦੀ ਆਮਦਨ ਵਿੱਚ ਯੋਗਦਾਨ ਪਾ ਰਹੀਆਂ ਹਨ ਸਗੋਂ ਸੂਬੇ ਦੀ ਆਰਥਿਕਤਾ ’ਚ ਵੀ ਯੋਗਦਾਨ ਪਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਮਹਿਲਾ ਉੱਦਮੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਹਿਲਾਵਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਲਈ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦਾ ਸਸ਼ਕਤੀਕਰਨ ਕਰਨ ਲਈ ਪੰਜਾਬ ਸਰਕਾਰ ਸਾਰਥਕ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਔਰਤ ਕਿਸੇ ਵੀ ਤਰ੍ਹਾਂ ਪੁਰਸ਼ਾਂ ਤੋਂ ਘੱਟ ਨਹੀਂ ਹਨ। ਉਨ੍ਹਾਂ ਵੱਲੋਂ ਮਹਿਲਾ ਉੱਦਮੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬਲਾਕਾਂ ਤੋਂ ਸਫ਼ਲ ਮਹਿਲਾ ਉੱਦਮੀਆਂ ਵੱਲੋਂ ਚਲਾਏ ਜਾ ਰਹੇ ਆਪਣੇ ਕਾਰੋਬਾਰ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਜਮੀਨੀ ਪੱਧਰ ਤੋਂ ਉੱਪਰ ਉੱਠ ਕੇ ਆਰਥਿਕ ਪੱਖੋਂ ਸਫ਼ਲਤਾ ਹਾਸਲ ਕੀਤੀ ਹੈ, ਇਸ ਲਈ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ’ਚ ਸਵੈ ਸਹਾਇਤਾ ਗਰੁੱਪਾਂ ਨਾਲ ਸੰਬੰਧਤ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸਮਾਗਮ ਦੌਰਾਨ ਮਹਿਲਾ ਸਸ਼ਕਤੀਕਰਨ, ਆਤਮਨਿਰਭਰਤਾ ਅਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਪ੍ਰੋਗਰਾਮ ਦੌਰਾਨ ਵੱਖ-ਵੱਖ ਬਲਾਕਾਂ ਨਾਲ ਸੰਬੰਧਤ 100 ਸਫਲ ਮਹਿਲਾ ਉੱਦਮੀਆਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਢਿੱਲੋਂ, ਬੀਡੀਪੀਓ ਸ੍ਰੀ ਮੁਕਤਸਰ ਸਾਹਿਬ ਬੋਹੜ ਸਿੰਘ, ਬੀਡੀਪੀਓ ਗਿੱਦੜਬਾਹਾ, ਮਨਜੋਤ ਸਿੰਘ ਸੋਢੀ, ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਰਮਨੀਕ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚਰਨਜੀਤ ਸਿੰਘ ਧਾਲੀਵਾਲ, ਸੋਸ਼ਲ ਸਿੱਖਿਆ ਪੰਚਾਇਤ ਅਫ਼ਸਰ ਸ੍ਰੀ ਹਰਜਿੰਦਰ ਸਿੰਘ, ਜੋਨ ਇੰਚਾਰਜ ਜਸਵਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਪਰਵਿੰਦਰ ਕੌਰ, ਐਮ.ਸੀ. ਇੰਦਰਜੀਤ ਕੌਰ, ਹਲਕਾ ਕੋਆਰਡੀਨੇਟਰ ਮਨਜੀਤ ਕੌਰ, ਜੋਨੀ ਕੁਮਾਰ ਐੱਮਆਈਐੱਸ, ਸਵਰਨਜੀਤ ਸਿੰਘ ਬੀਪੀਐੱਮ, ਕਲੱਸਟਰ ਕੋਆਰਡੀਨੇਟਰ ਸ਼ਿਵਰਾਜ ਸਿੰਘ, ਧਰਮਵੀਰ ਸਿੰਘ, ਅਮਨਦੀਪ ਕੌਰ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਦੇ ਅਧਿਕਾਰੀ, ਕਰਮਚਾਰੀ ਹਾਜ਼ਰ ਸਨ।