ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਵਿਕਾਸ ਕਾਰਜ, ਹੁਣ ਸਿਰਫ ਵਿਖਾਵੇਬਾਜ਼ੀ : ਸੁਖਬੀਰ ਬਾਦਲ
ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਵਿਕਾਸ ਕਾਰਜ,ਹੁਣ ਸਿਰਫ ਵਿਖਾਵੇਬਾਜੀ : ਸੁਖਬੀਰ ਬਾਦਲ
Publish Date: Mon, 05 Jan 2026 06:51 PM (IST)
Updated Date: Mon, 05 Jan 2026 06:53 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਗਿੱਦੜਬਾਹਾ ਹਲਕੇ ਦੇ ਪਿੰਡ ਸੁਖਨਾ ਅਬਲੂ ’ਚ ਅਕਾਲੀ ਆਗੂ ਜਿੰਮੀ ਬਰਾੜ ਦੇ ਗ੍ਰਹਿ ਵਿਖੇ ਮਾਘੀ ਮੇਲੇ ਦੀ ਕਾਨਫਰੰਸ ਸਬੰਧੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ। ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਮੌਜੂਦਾ ਸਰਕਾਰ ’ਤੇ ਤਿੱਖੇ ਸਵਾਲ ਚੁੱਕੇ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ’ਚ ਜਿੰਨਾ ਵੀ ਵੱਡਾ ਵਿਕਾਸ ਹੋਇਆ ਹੈ, ਉਹ ਸਾਰਾ ਬਾਦਲ ਸਰਕਾਰ ਦੇ ਦੌਰਾਨ ਹੋਇਆ। ਉਨ੍ਹਾਂ ਦਾਅਵਾ ਕੀਤਾ ਕਿ ਚਾਹੇ ਬਿਜਲੀ ਦੇ ਥਰਮਲ ਪਲਾਂਟ ਹੋਣ, ਸੜਕਾਂ, ਗਲੀਆਂ ਜਾਂ ਹੋਰ ਬੁਨਿਆਦੀ ਢਾਂਚਾ ਇਹ ਸਾਰੇ ਕੰਮ ਅਕਾਲੀ ਦਲ ਦੀ ਸਰਕਾਰ ਨੇ ਕਰਵਾਏ। ਉਨ੍ਹਾਂ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਚੋਣਾਂ ’ਚ ਕੀਤੇ ਗਏ ਵਧੀਆ ਪ੍ਰਦਰਸ਼ਨ ਲਈ ਗਿੱਦੜਬਾਹਾ ਹਲਕੇ ਦੇ ਵਰਕਰਾਂ ਨੂੰ ਵਧਾਈ ਦਿੱਤੀ। ਇਸਦੇ ਨਾਲ ਹੀ ਕਾਂਗਰਸ ’ਤੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਮਾਲਵੇ ’ਚ ਤੀਜੇ ਸਥਾਨ ’ਤੇ ਪਹੁੰਚ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਬੀਜੇਪੀ ਤੋਂ ਵੀ ਪਿੱਛੇ ਰਹਿ ਜਾਵੇਗੀ। ਸੁਖਬੀਰ ਬਾਦਲ ਨੇ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਮੌਜੂਦਾ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀ ਆਸ ਨਾ ਰੱਖਣ, ਕਿਉਂਕਿ ਇਹ ਸਰਕਾਰ ਕੁਝ ਵੀ ਕਰਨ ਵਾਲੀ ਨਹੀਂ। ਆਪਣੇ ਕੰਮ ਕਰਨ ਦੇ ਅੰਦਾਜ਼ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਹੌਲੀ-ਹੌਲੀ ਕੰਮ ਕਰਨ ’ਤੇ ਯਕੀਨ ਨਹੀਂ ਰੱਖਦੇ, ਸਗੋਂ ਇੱਕ ਮਿੰਟ ਵਿੱਚ ਪੱਕਾ ਫੈਸਲਾ ਅਤੇ ਅਪਰੇਸ਼ਨ ਕਰਨ ’ਤੇ ਵਿਸ਼ਵਾਸ ਕਰਦੇ ਹਨ। ਉਨ੍ਹਾਂ ਵਰਕਰਾਂ ਨੂੰ ਮਾਘੀ ਮੇਲੇ ਦੀ ਕਾਨਫਰੰਸ ’ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇੱਥੋਂ ਹੀ ਸਿਆਸੀ ਜੰਗ ਦੀ ਸ਼ੁਰੂਆਤ ਹੋਵੇਗੀ ਅਤੇ ਲੋਕ ਅਕਾਲੀ ਦਲ ਨੂੰ ਮੁੜ ਸੱਤਾ ’ਚ ਲਿਆਉਣ ਲਈ ਤਿਆਰ ਹਨ। ਇਸ ਮੌਕੇ ਜਿੰਮੀ ਬਰਾੜ, ਗੁਰਪਿਆਰ ਕੌਰ ਮੱਲਣ, ਗਰਿੰਦਰ ਸਿੰਘ, ਗੁਰਮੀਤ ਸਿੰਘ ਮਾਨ, ਨਵਤੇਜ ਕਾਉਣੀ, ਸੁਖਦੀਪ ਸੁਖਨਾ, ਹਰਜੀਤ ਬਰਾੜ ਸੁਖਨਾ, ਬਲਕਰਨ ਸਿੰਘ ਮੱਲਣ, ਹੈਪੀ ਗੁਰੂਸਰ ਆਦਿ ਸਮੇਤ ਵੱਡੀ ਗਿਣਤੀ ’ਚ ਅਕਾਲੀ ਵਰਕਰ ਮੌਜੂਦ ਸਨ।