11 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ, ਹਰਜਿੰਦਰ ਖੋਖਰ ਮੁੜ ਜ਼ਿਲ੍ਹਾ ਪ੍ਰਧਾਨ ਚੁਣਿਆ
ਨੌਜਵਾਨ ਭਾਰਤ ਸਭਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਡੈਲੀਗੇਟ ਇਜਲਾਸ ਸਫਲਤਾਪੂਰਵਕ ਸੰਪੰਨ
Publish Date: Sun, 01 Mar 2026 04:32 PM (IST)
Updated Date: Sun, 01 Mar 2026 04:34 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਨੌਜਵਾਨ ਭਾਰਤ ਸਭਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਡੈਲੀਗੇਟ ਇਜਲਾਸ ਸਫਲਤਾਪੂਰਵਕ ਸੰਪੰਨ ਹੋਇਆ। ਇਸ ਦੌਰਾਨ 11 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਹੋਈ ਚੋਣ ’ਚ ਹਰਜਿੰਦਰ ਖੋਖਰ ਨੂੰ ਮੁੜ ਜ਼ਿਲ੍ਹਾ ਪ੍ਰਧਾਨ, ਗੁਰਤੇਜ ਵੜਿੰਗ ਜ਼ਿਲ੍ਹਾ ਸਕੱਤਰ, ਮਹਾਸ਼ਾ ਸਮਾਘ ਜਿਲ੍ਹਾ ਮੀਤ ਪ੍ਰਧਾਨ, ਵਿਜੇ ਕੁਮਾਰ ਜ਼ਿਲ੍ਹਾ ਖਜਾਨਚੀ, ਰਾਜਪ੍ਰੀਤ ਚੱਕ ਗਾਂਧਾ ਸਿੰਘ ਵਾਲਾ ਜ਼ਿਲ੍ਹਾ ਕਮੇਟੀ ਮੈਂਬਰ, ਗੁਰਾਂਦਿੱਤਾ ਝਬੇਲਵਾਲੀ ਜ਼ਿਲ੍ਹਾ ਕਮੇਟੀ ਮੈਂਬਰ, ਰਾਜਦੀਪ ਕੋਟਲੀ ਸੰਘਰ ਜ਼ਿਲ੍ਹਾ ਪ੍ਰੈਸ ਸਕੱਤਰ, ਲਵਪ੍ਰੀਤ ਸੱਕਾਂਵਾਲੀ, ਜਸਵੀਰ ਸਿੰਘ ਸਮਾਘ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ। ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿੱਚੋਂ ਪੰਜਾਹ ਦੇ ਕਰੀਬ ਡੈਲੀਗੇਟ ਹਾਜ਼ਰ ਹੋਏ। ਸਟੇਜ ਸਕੱਤਰ ਦੀ ਭੂਮਿਕਾ ਮਹਾਸ਼ਾ ਸਮਾਘ ਨੇ ਨਿਭਾਈ। ਗੁਰਤੇਜ ਵੜਿੰਗ ਨੇ ਸਭ ਨੂੰ ਜੀ ਆਇਆਂ ਕਿਹਾ। ਜ਼ਿਲ੍ਹੇ ਦੀ ਰਿਵਿਊ ਰਿਪੋਰਟ ਹਰਜਿੰਦਰ ਖੋਖਰ ਨੇ ਪੇਸ਼ ਕੀਤੀ। ਭਰਾਤਰੀ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰਜਿੰਦਰ ਢਿੱਲਵਾਂ ਨੇ ਭਰਾਤਰੀ ਸੰਦੇਸ਼ ਦਿੱਤੇ। ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂਕੇ ਅਤੇ ਸੂਬਾ ਜਨਰਲ ਸਕੱਤਰ ਮੰਗਾ ਆਜਦ ਇਜਲਾਸ ’ਚ ਅਬਜਰਵਰ ਦੇ ਤੌਰ ’ਤੇ ਸ਼ਾਮਿਲ ਹੋਏ। ਆਪਣੇ ਸੰਬੋਧਨ ਦੌਰਾਨ ਆਗੂਆਂ ਨੇ ਕਿਹਾ ਕਿ ਅੱਜ ਵੀ ਸਾਮਰਾਜਵਾਦ ਦੁਨੀਆਂ ਦੇ ਗਰੀਬ ਮੁਲਕਾਂ ਤੇ ਕਿਰਤੀ ਲੋਕਾਂ ਦੀ ਲੁੱਟ ਕਰ ਰਿਹਾ ਹੈ, ਮੱਧ ਏਸ਼ੀਆ ’ਚ ਜੰਗ ਭੜਕਾ ਰਿਹਾ ਹੈ। ਇਰਾਨ ਅਤੇ ਵੈਨਜੂਏਲਾ ਇਸ ਦੀ ਤਾਜ਼ਾ ਉਦਾਹਰਨ ਹਨ। ਉਨ੍ਹਾਂ ਕਿਹਾ ਕਿ ਕੇਂਦਰ ’ਚ ਕਾਬਜ਼ ਭਾਜਪਾ ਸਰਕਾਰ ਅਮਰੀਕਾ ਨਾਲ ਫਰੀ ਟੈਕਸ ਸਮਝੌਤਾ ਕਰਨ ਜਾ ਰਹੀ ਹੈ ਜਿਸ ਨਾਲ ਦੇਸ਼ ਦੇ ਕਿਰਤੀ ਲੋਕ ਤਬਾਹ ਹੋਣਗੇ ਲੋਕ ਵਿਰੋਧੀ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਈ ਹੈ। ਆਪਣੀ ਨਾ ਕਾਮਯਾਬੀ ਨੂੰ ਲੁਕਾਉਣ ਲਈ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਹੈ ਅਤੇ ਨੌਜਵਾਨਾਂ ’ਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ। ਪੱਤਰਕਾਰਾਂ ਬੁੱਧੀਜੀਵੀਆਂ ਤੇ ਲੜਨ ਵਾਲੇ ਲੋਕਾਂ ਨੂੰ ਪੁਲਿਸ ਦੇ ਜ਼ੋਰ ’ਤੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਅਜਿਹੇ ਹਾਲਾਤਾਂ ’ਚ ਅੱਜ ਨੌਜਵਾਨਾਂ ਸਾਹਮਣੇ ਵੱਡੀ ਚੁਣੌਤੀ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨ ਅਤੇ ਵੱਡੀ ਨੌਜਵਾਨ ਲਹਿਰ ਉਸਾਰਨ, ਨੌਜਵਾਨ ਭਾਰਤ ਸਭਾ ਇਸ ਲਈ ਜੀ ਤੋੜ ਕੋਸ਼ਿਸ਼ ਕਰੇਗੀ। ਅਖੀਰ ’ਚ ਆਗੂਆਂ ਨੇ ਸੱਦਾ ਦਿੰਦਿਆਂ ਕਿਹਾ ਕਿ ਨੌਜਵਾਨ ਭਾਰਤ ਸਭਾ ਦੇ 100 ਸਾਲਾ ਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਨੌਜਵਾਨਾਂ ਦੀ ਵਿਸ਼ਾਲ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਨੌਜਵਾਨ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨਗੇ। ਇਸ ਮੌਕੇ ਨੌਨਿਹਾਲ ਸਿੰਘ, ਨਿਰਮਲ ਹਰੀਕੇ ਕਲਾਂ, ਵਿੱਕੀ ਚੱਕ ਗਾਂਧਾ ਸਿੰਘ ਵਾਲਾ, ਰਾਜਵੀਰ ਗਿੱਲ, ਸੁੱਖਾ ਕੋਟਲੀ, ਨੂਰ ਕੋਟਲੀ, ਗੁਰਮੀਤ ਮੁਕਤਸਰ, ਗਗਨਦੀਪ ਮੁਕਤਸਰ, ਕਾਲਾ ਚੌਤਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਨੌਜਵਾਨ ਹਾਜ਼ਰ ਸਨ।