ਨੌਜਵਾਨ ਭਾਰਤ ਸਭਾ ਦਾ ਡੈਲੀਗੇਟ ਇਜਲਾਸ ਸਮਾਪਤ
ਨੌਜਵਾਨ ਭਾਰਤ ਸਭਾ ਇਲਾਕਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦਾ ਡੈਲੀਗੇਟ ਇਜਲਾਸ ਸਫਲਤਾ ਪੂਰਵਕ ਸੰਪੰਨ
Publish Date: Tue, 10 Feb 2026 04:49 PM (IST)
Updated Date: Tue, 10 Feb 2026 04:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਨੌਜਵਾਨ ਭਾਰਤ ਸਭਾ ਇਲਾਕਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦਾ ਡੈਲੀਗੇਟ ਇਜਲਾਸ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਦੌਰਾਨ ਆਗੂਆਂ ਨੇ ਦੱਸਿਆ ਕਿ 23 ਮਾਰਚ ਨੂੰ ਖਟਕੜ ਕਲਾਂ ਵਿੱਚ ਹੋ ਰਹੇ ਸੂਬਾ ਪੱਧਰੀ ਨੌਜਵਾਨ ਇਕੱਤਰਤਾ ਵਿੱਚ ਜ਼ੋਰਦਾਰ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ 7 ਪਿੰਡਾਂ ਚੋਂ 30 ਤੋਂ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। 7 ਮੈਂਬਰੀ ਇਲਾਕਾ ਕਮੇਟੀ ਦੀ ਚੋਣ ’ਚ ਗਗਨਦੀਪ ਸਿੰਘ ਮੁਕਤਸਰ ਪ੍ਰਧਾਨ, ਬੇਅੰਤ ਸਿੰਘ ਭੁੱਲਰ ਮੀਤ ਪ੍ਰਧਾਨ, ਹੀਰਾ ਸਿੰਘ ਬੂੜਾ ਗੁੱਜਰ ਸਕੱਤਰ, ਧਰਮਪ੍ਰੀਤ ਸਿੰਘ ਚੜੇਵਣ ਮੈਂਬਰ, ਕਾਲਾ ਸਿੰਘ ਚੌਂਤਰਾ ਮੈਂਬਰ ਵਿਜੇ ਕੁਮਾਰ ਗੋਇਲ ਮੈਂਬਰ ਚੁਣੇ ਗਏ। ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਖਜਾਨਚੀ ਵਿਜੇ ਕੁਮਾਰ ਗੋਇਲ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ। ਇਸਤੋਂ ਬਾਅਦ ਭਰਾਤਰੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਪ੍ਰੀਤ ਕੌਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਝਬੇਲਵਾਲੀ ਨੇ ਭਰਾਤਰੀ ਸੰਦੇਸ਼ ਦਿੱਤਾ। ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਖੋਖਰ ਨੇ ਬੀਤੇ ਸਮਿਆਂ ’ਚ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਕਿਹਾ ਕਿ ਅੱਜ ਨੌਜਵਾਨੀ ਸਾਹਮਣੇ ਢੇਰ ਸਾਰੀਆਂ ਚੁਣੌਤੀਆਂ ਹਨ, ਜਵਾਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਸਿੰਥੈਟਿਕ ਨਸ਼ਿਆਂ ’ਚ ਲਾ ਕੇ ਉਸਦਾ ਘਾਣ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਮੀਤ ਪ੍ਰਧਾਨ ਮਹਾਸ਼ਾ ਸਮਾਘ, ਗੁਰਤੇਜ ਵੜਿੰਗ ਨੇ ਕਿਹਾ ਕਿ ਪੜੇ ਲਿਖੇ ਬੇਰੁਜ਼ਗਾਰ ਨੌਜਵਾਨ ਪੁਲਿਸ ਦੀਆਂ ਡਾਂਗਾਂ ਖਾਣ ਲਈ ਮਜਬੂਰ ਹਨ। ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਕੇਂਦਰ ’ਚ ਬੈਠੀ ਫਾਸ਼ੀਵਾਦੀ ਸਰਕਾਰ ਨਵੀਆਂ ਆਰਥਿਕ ਨੀਤੀਆਂ ਲਿਆ ਕੇ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਲੁਟਾ ਦੇਣਾ ਚਾਹੁੰਦੀ ਹੈ। ਜਿਸ ਦਾ ਮੁਕਾਬਲਾ ਆਪਣੇ ਮਹਾਨ ਵਿਰਸੇ ਤੇ ਸ਼ਹੀਦਾਂ ਦੀ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਹੀ ਕੀਤਾ ਜਾ ਸਕਦਾ ਹੈ। ਨੌਜਵਾਨ ਭਾਰਤ ਸਭਾ ਨੂੰ ਬਣਿਆ 100 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਮਾਰਚ 2026 ਵਿੱਚ ਨੌਜਵਾਨ ਭਾਰਤ ਸਭਾ ਦਾ 100 ਸਾਲਾ ਆ ਰਿਹਾ ਹੈ। ਅੱਜ ਵੀ ਸ਼ਹੀਦ ਭਗਤ ਸਿੰਘ ਹੋਰਾਂ ਦਾ ਬਰਾਬਰਤਾ ਵਾਲਾ ਸੋਹਣਾ ਸਮਾਜ ਸਿਰਜਣ ਦਾ ਸੁਪਨਾ ਅਧੂਰਾ ਪਿਆ ਹੈ। ਜਿਸਨੂੰ ਪੂਰਾ ਕਰਨ ਲਈ ਨੌਜਵਾਨਾਂ ਦੇ ਸਨਮੁੱਖ ਚੁਣੌਤੀਆਂ ਨੂੰ ਦੇਖਦੇ ਹੋਏ 23 ਮਾਰਚ 2026 ਨੂੰ ਸੂਬਾ ਪੱਧਰੀ ਇਕੱਠ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿੱਚ ਇਲਾਕਾ ਮੁਕਤਸਰ ਤੋਂ ਜ਼ੋਰਦਾਰ ਸ਼ਮੂਲੀਅਤ ਕੀਤੀ ਜਾਵੇਗੀ।