ਡੀਸੀ ਦਫ਼ਤਰ ਕਾਮਿਆਂ ਨੇ ਕੀਤਾ ਅਰਥੀ ਫੂਕ ਮੁਜਾਹਰਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਡੀਸੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੇ ਕਰਮਚਾਰੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਅਤੇ ਐਸਐਚਓ ਜੰਡਿਆਲਾ ਗੁਰੂ ਦਾ ਪੁਤਲਾ ਫੂਕਦੇ ਹੋਏ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਪ੍ਰਧਾਨ ਤਜਿੰਦਰ ਨੰਗਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਬਹੁਤ ਧੱਕਾ ਕੀਤਾ। ਪ੍ਰਧਾਨ ਨਾਲ ਦੁਰਵਿਵਾਹਰ ਕੀਤਾ, ਜਾਤੀ ਸੂਚਕ ਸ਼ਬਦ ਬੋਲੇ ਗਏ, ਕਕਾਰਾਂ ਦੀ ਬੇਅਦਬੀ ਕੀਤੀ। ਇਸ ਬਹੁਤ ਹੀ ਗਲਤ ਵਰਤਾਰੇ ਦਾ ਜੱਥੇਬੰਦੀ ਨੂੰ ਪਤਾ ਲੱਗਣ ਤੇ ਥਾਣੇ ਦੇ ਬਾਹਰ ਧਰਨਾ ਲਾ ਕੇ ਪ੍ਰਧਾਨ ਜੀ ਨੂੰ ਰਿਹਾਅ ਕਰਵਾਇਆ ਗਿਆ ਅਤੇ ਐਸਐਚਓ ਦੇ ਵਿਰੋਧ ’ਚ ਸੰਬੰਧਿਤ ਪੁਲਿਸ ਦੇ ਕਰਮਚਾਰੀਆਂ ਤੇ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਾਉਣ ਅਤੇ ਸੰਬੰਧਿਤ ਪੁਲਿਸ ਕਰਮੀਆਂ ਨੂੰ ਡਿਸਮਿਸ ਕਰਾਉਣ ਦੀ ਮੰਗ ਰੱਖੀ ਗਈ, ਪਰ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਮਿਤੀ 17-03-2026 ਨੂੰ ਦਫ਼ਤਰ ਐਸਐਸਪੀ (ਦਿਹਾਤੀ) ਅੰਮ੍ਰਿਤਸਰ ਦਾ ਘਿਰਾਓ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਡੀਸੀ ਦਫ਼ਤਰਾਂ ਦੇ ਕਰਮਚਾਰੀਆਂ ਦੇ ਇਸ ਰੋਹ ਨੂੰ ਭਾਂਪਦਿਆਂ ਹੋਇਆ ਸੀਨੀਅਰ ਕਪਤਾਨ ਪੁਲਿਸ (ਦਿਹਾਤੀ) ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜੱਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਕਰਕੇ ਸੰਬੰਧਿਤਾਂ ਤੇ ਪਰਚਾ ਦਰਜ ਕਰਨ ਲਈ ਇੱਕ ਸਿੱਟ ਬਿਠਾ ਕੇ ਉਸ ਨੂੰ 5 (ਪੰਜ) ਦਿਨਾਂ ਸੋਮਵਾਰ ਮਿਤੀ 23-03-2026 ਤੱਕ ਰਿਪੋਰਟ ਭੇਜਣ ਲਈ ਪਾਬੰਦ ਕਰਦੇ ਹੋਏ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕੇ ਸਿੱਟ ਦੀ ਰਿਪੋਰਟ ਮਿਲਣ ਉਪਰੰਤ ਪਰਚਾ ਦਰਜ ਕੀਤਾ ਜਾਵੇਗਾ। ਪ੍ਰੰਤੂ ਐਸਐਸਪੀ ਵੱਲੋਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਅਜੇ ਤੱਕ ਐਸਐਚਓ ਦੇ ਖਿਲਾਫ਼ ਪਰਚਾ ਦਰਜ ਨਹੀਂ ਕੀਤਾ ਗਿਆ, ਜਿਸ ਕਾਰਨ ਡੀਸੀ ਦਫ਼ਤਰ ਕਰਮਚਾਰੀਆਂ ਨੇ ਸੂਬਾ ਬਾਡੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਅਰਥੀ ਫੂਕ ਮੁਜਾਹਰਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਮਿੱਥੇ ਗਏ ਪ੍ਰੋਗਰਾਮ ਤਹਿਤ 30 ਮਾਰਚ (ਸੋਮਵਾਰ) ਨੂੰ ਸੂਬੇ ਦੇ ਸ਼ਹਿਰਾਂ ’ਚ ਪਿੱਟ ਸਿਆਪਾ ਕਰਦੇ ਹੋਏ ਰੋਸ ਬਾਈਕ ਰੈਲੀਆਂ ਕੀਤੀਆਂ ਜਾਣਗੀਆਂ। ਇਸਤੋਂ ਇਲਾਵਾ 02 ਅਪ੍ਰੈਲ (ਵੀਰਵਾਰ) ਨੂੰ ਐਸਐਸਪੀ ਦਿਹਾਤੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮੁੜ ਘਿਰਾਓ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ 7 ਅਪ੍ਰੈਲ (ਮੰਗਲਵਾਰ) ਨੂੰ ਵਿਧਾਨ ਸਭਾ ਹਲਕਾ, ਜੰਡਿਆਲਾ ਗੁਰੂ ਦੇ ਹਲਕਾ ਵਿਧਾਇਕ ਦੇ ਘਰ/ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਐਸਐਚਓ ਦੇ ਖਿਲਾਫ਼ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ’ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜੀਤ ਸਿੰਘ, ਰੁਪਿੰਦਰ ਸਿੰਘ ਬਾਠ, ਬਲਰਾਜ, ਜਗਪ੍ਰੀਤ ਸਟੈਨੋ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਰਣਜੀਤ ਸਿੰਘ, ਮੋਹਿਤ, ਚੇਤ ਰਾਮ, ਭੁਪਿੰਦਰ ਸਿੰਘ, ਗੁਰਬਿੰਦਰ ਸਿੰਘ, ਜਸਵੀਰ ਕੌਰ, ਸੁਖਪਾਲ ਕੌਰ, ਕਮਲਦੀਪ ਕੌਰ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਸਨ।