ਡੀਸੀ ਦਫ਼ਤਰ ਕਾਮਿਆਂ ਨੇ ਐੱਸਐੱਚਓ, ਐੱਸਐੱਸਪੀ ਤੇ ਮੁੱਖ ਮੰਤਰੀ ਦੇ ਨਾਂ ਦੇ ਘੜੇ ਭੰਨੇ
ਡੀਸੀ ਦਫ਼ਤਰ ਕਾਮਿਆਂ ਨੇ ਐਸਐਚਓ, ਐਸਐਸਪੀ ਤੇ ਮੁੱਖ ਮੰਤਰੀ ਦੇ ਨਾਂ ਦੇ ਘੜੇ ਭੰਨੇ
Publish Date: Wed, 18 Mar 2026 06:05 PM (IST)
Updated Date: Wed, 18 Mar 2026 06:07 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਅੱਜ ਐਸਐਚਓ ਜੰਡਿਆਲਾ ਗੁਰੂ ਦੇ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਘੜੇ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਮੂਹ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਹੌਲੀ ਹੌਲੀ ਪੁਲਿਸ ਰਾਜ ਬਣਦਾ ਜਾ ਰਿਹਾ ਹੈ, ਜਿਸਦੇ ਚਲਦਿਆਂ ਬੀਤੇ ਦਿਨ ਪੰਜਾਬ ਰਾਜ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਨੂੰ ਐਸ.ਐਚ.ਓ. ਜੰਡਿਆਲਾ ਗੁਰੂ ਨਰੇਸ਼ ਕੁਮਾਰ ਵੱਲੋਂ ਗੈਰ ਮਨੁੱਖੀ ਢੰਗ ਨਾਲ ਕਰਦਿਆਂ ਜਿੱਥੇ ਜਲੀਲ ਕੀਤਾ ਗਿਆ, ਉੱਥੇ ਧਾਰਮਿਕ ਕਕਾਰਾਂ ਦੀ ਬੇਅਦਬੀ ਵੀ ਕਤੀ ਗਈ। ਇਸ ਲਈ ਜੰਡਿਆਲਾ ਗੁਰੂ ਦੇ ਐਸ.ਐਚ.ਓ. ਦੇ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਘੜੇ ਭੰਨ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਰੋਸ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਵੱਲੋਂ ਐਸ.ਐਚ.ਓ. ਜੰਡਿਆਲਾ ਗੁਰੂ, ਐਸ.ਐਸ.ਪੀ. ਅਮ੍ਰਿਤਸਰ ਪੱਛਮੀ ਅਤੇ ਮੁੱਖ ਮੰਤਰੀ ਦੇ ਨਾਮ ਦੇ ਘੜੇ ਭੰਨ ਕੇ ਰੱਜ ਦੇ ਨਾਅਰੇਬਾਜੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾ ਬਾਡੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਕੱਲ 19 ਮਾਰਚ ਨੂੰ ਪੂਰੇ ਪੰਜਾਬ ਦੇ ਡੀ.ਸੀ. ਦਫ਼ਤਰਾਂ ਦੇ ਬਾਹਰ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ ਅਤੇ 20 ਮਾਰਚ ਨੂੰ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਰੈਲੀ ਕੱਢੀ ਜਾਵੇਗੀ। ਇਸ ਮੌਕੇ ਪੰਜਾਬ ਰਾਜ ਮਨਿਸਟਰੀਅਲ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ ਨੇ ਵੀ ਕਰਮਚਾਰੀਆਂ ਦੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੁਮਾਰ ਪੀ.ਏ., ਭੋਲਾ ਰਾਮ ਸੁਪਰਡੰਟ, ਰਾਕੇਸ਼ ਕੁਮਾਰ ਸੁਪਰਡੰਟ, ਗੁਰਮੀਤਪਾਲ ਰੀਡਰ, ਰੁਪਿੰਦਰ ਬਾਠ, ਹਰਬੰਸ ਸਿੰਘ, ਪਰਮਜੀਤ ਸਿੰਘ, ਰਾਜੇਸ਼ ਕਪੂਰ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਬਲਜਿੰਦਰ ਸਿੰਘ, ਨਰੇਸ਼ ਕੁਮਾਰ, ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਸਨ।