ਡੀਸੀ ਦਫ਼ਤਰ ਕਾਮੇ ਅੰਮ੍ਰਿਤਸਰ ਧਰਨੇ ਲਈ ਰਵਾਨਾ
ਡੀਸੀ ਦਫ਼ਤਰ ਕਾਮੇ ਅੰਮ੍ਰਿਤਸਰ ਧਰਨੇ ਲਈ ਰਵਾਨਾ
Publish Date: Tue, 17 Mar 2026 03:33 PM (IST)
Updated Date: Tue, 17 Mar 2026 03:37 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਪੁਲਿਸ ਤਸ਼ੱਦਦ ਖਿਲਾਫ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਾਮਬੰਦੀ ਕਰਦੇ ਹੋਏ ਸੂਬਾ ਪੱਧਰੀ ਰੈਲੀ ’ਚ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੇ ਕਰਮਚਾਰੀ ਵੱਡੀ ਗਿਣਤੀ ’ਚ ਸ਼ਾਮਲ ਹੋਏ। ਰੈਲੀ ਲਈ ਰਵਾਨਾ ਹੋਣ ਸਮੇਂ ਗੱਲਬਾਤ ਕਰਦੇ ਹੋਏ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ 8 ਮਾਰਚ ਨੂੰ ਸੂਬੇ ਦੀਆਂ ਵੱਖ-ਵੱਖ ਜੁਝਾਰੂ ਜਥੇਬੰਦੀਆਂ ਵੱਲੋਂ ਵਾਈਪੀਐਸ ਚੌਕ ਮੁਹਾਲੀ ਵਿਖੇ ਭਰਵੀਂ ਰੈਲੀ ਕਰਨ ਉਪਰੰਤ ਵਿਧਾਨ ਸਭਾ ਦੇ ਘਿਰਾਓ ਲਈ ਕੂਚ ਕੀਤੀ ਗਈ, ਜਿਸਨੂੰ ਰੋਕਣ ਲਈ ਪੁਲਿਸ ਵੱਲੋਂ ਕਰਮਚਾਰੀਆਂ ਤੇ ਜਲ ਤੋਪਾਂ ਨਾਲ ਪਾਣੀ ਦੀਆਂ ਵਾਛੜਾਂ ਮਾਰੀਆਂ ਗਈਆਂ ਅਤੇ ਹੰਝੂ ਗੈਸ ਦੇ ਗੋਲਿਆਂ ਨਾਲ ਫੁੰਡਿਆ ਗਿਆ। ਇਸ ਸੰਘਰਸ਼ ’ਚ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਨੇ ਵੀ ਸ਼ਮੂਲੀਅਤ ਕੀਤੀ। ਇਸ ਉਪਰੰਤ ਜਲੰਧਰ ਵਿਖੇ ਮੁੱਖ ਮੰਤਰੀ ਦੀ ਫੇਰੀ ਦੌਰਾਨ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸ਼ਾਂਤੀ ਪੂਰਵਕ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ, ਜਿਸਦੇ ਚਲਦਿਆਂ ਐਸਐਚਓ ਜੰਡਿਆਲਾ ਗੁਰੂ ਨਰੇਸ਼ ਕੁਮਾਰ ਨੇ ਸੂਬਾ ਪ੍ਰਧਾਨ ਨੂੰ ਰਾਤ ਸਮੇਂ ਉਨ੍ਹਾਂ ਦੇ ਘਰ ਤੋਂ ਜਿੱਥੇ ਗੈਰ ਮਨੁੱਖੀ ਢੰਗ ਨਾਲ ਗ੍ਰਿਫਤਾਰ ਕੀਤਾ ਉੱਥੇ ਹੀ ਧਾਰਮਿਕ ਕਕਾਰਾਂ ਦੀ ਬੇਅਦਬੀ ਕਰਦੇ ਹੋਏ ਪਰਿਵਾਰ ਦੇ ਮੈਂਬਰਾਂ ਨੂੰ ਵੀ ਜਲੀਲ ਕੀਤਾ ਗਿਆ। ਇਸ ਲਈ ਜਥੇਬੰਦੀ ਦੀ ਸੂਬਾ ਬਾਡੀ ਵੱਲੋਂ ਤਿੱਖਾ ਸੰਘਰਸ਼ ਉਲੀਕਦੇ ਹੋਏ 16 ਮਾਰਚ ਦੀ ਕਲਮਛੋੜ ਹੜਤਾਲ ਕੀਤੀ ਗਈ ਅਤੇ ਅੱਜ 17 ਮਾਰਚ ਨੂੰ ਦਫ਼ਤਰ ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦੇ ਦਫ਼ਤਰ ਦੇ ਸਾਹਮਣੇ ਸੂਬਾ ਪੱਧਰੀ ਰੋਸ ਧਰਨਾ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਐਸਐਚਓ ਨਰੇਸ਼ ਕੁਮਾਰ ਦੇ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਉਲੀਕਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਐਸਐਚਓ ਨਰੇਸ਼ ਕੁਮਾਰ ਖਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਪਿੰਦਰ ਬਾਠ, ਪਰਮਜੀਤ ਸਿੰਘ, ਕਮਲ ਕੁਮਾਰ, ਕਰਨਬਰ ਸਿੰਘ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਦਰਸ਼ਨ ਕੁਮਾਰ, ਸਤਨਾਮ ਸਿੰਘ, ਗਗਨਦੀਪ ਸਿੰਘ, ਬਲਵਿੰਦਰ ਸਿੰਘ, ਨਿਰਮਲ ਕੁਮਾਰ ਅਤੇ ਓਮਪਾਲ ਆਦਿ ਕਰਮਚਾਰੀ ਹਾਜ਼ਰ ਸਨ।