ਡੀਸੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਸੂਬੇ ਭਰ ’ਚ ਕੰਮ ਠੱਪ
ਡੀਸੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਸੂਬੇ ਭਰ ’ਚ ਕੰਮ ਠੱਪ
Publish Date: Tue, 10 Mar 2026 05:49 PM (IST)
Updated Date: Tue, 10 Mar 2026 05:51 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੂੰ ਗੈਰ ਮਨੁੱਖੀ ਢੰਗ ਨਾਲ ਗ੍ਰਿਫ਼ਤਾਰ ਕਰਨ ਦੇ ਵਿਰੋਧ ’ਚ ਪੰਜਾਬ ਦੇ ਸਮੂਹ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ, ਉਪ ਮੰਡਲ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਦੇ ਕਰਮਚਾਰੀਆਂ ਵੱਲੋਂ ਅੱਜ ਦਿਨ ਭਰ ਕਲਮਛੋੜ ਹੜਤਾਲ ਕਰਕੇ ਕੰਮ ਠੱਪ ਰੱਖਿਆ ਗਿਆ ਅਤੇ ਇਕੱਠੇ ਹੋ ਕੇ ਸਰਕਾਰ ਦੇ ਵਿਰੁੱਧ ਜੰਮ ਦੇ ਨਾਅਰੇਬਾਜੀ ਕੀਤੀ। ਇਸ ਮੌਕੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬੀਤੀ 8 ਮਾਰਚ ਨੂੰ ਸੂਬਾ ਬਾਡੀ ਵੱਲੋਂ ਸਮੂਹ ਭਰਾਤਰੀ ਜਥੇਬੰਦੀਆਂ ਦੇ ਸੱਦੇ ਤੇ ਮੋਹਾਲੀ ਦੇ ਵਾਈਪੀਐਸ ਚੌਂਕ ’ਚ ਭਰਵੀਂ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਕੂਚ ਕੀਤਾ ਸੀ, ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਹੱਕ ਮੰਗਦੇ ਕਰਮਚਾਰੀਆਂ ਨੂੰ ਜਲ ਤੋਪਾਂ ਅਤੇ ਹੰਝੂ ਗੈਸਾਂ ਨਾਲ ਝੰਬਿਆ ਗਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਸਮੂਹ ਕਰਮਚਾਰੀ ਪਿਛਲੇ ਲੰਮੇ ਸਮੇਂ ਤੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ਅਤੇ ਹੋਰ ਜਮਹੂਰੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਪ੍ਰੰਤੂ ਸਰਕਾਰ ਦਾ ਰਵੱਈਆ ਬਿਲਕੁਲ ਹੀ ਮੁਲਾਜ਼ਮ ਪੱਖੀ ਨਹੀਂ ਹੈ, ਜਿਸਦੇ ਰੋਸ ਵਜੋਂ ਹੀ 8 ਮਾਰਚ ਨੂੰ ਮੁਹਾਲੀ ਵਿਖੇ ਇਹ ਰੈਲੀ ਕੀਤੀ ਗਈ ਸੀ, ਜਿਸਤੋਂ ਬੌਖਲਾਈ ਸਰਕਾਰ ਵੱਲੋਂ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੂੰ ਰਾਤ 12 ਵਜੇ ਗੈਰ ਮਨੁੱਖੀ ਢੰਗ ਨਾਲ ਬਿਨਾਂ ਕਿਸੇ ਵਜ੍ਹਾਹ ਗ੍ਰਿਫਤਾਰ ਕੀਤਾ ਅਤੇ ਸੂਬਾ ਪ੍ਰਧਾਨ ਦੇ ਪਰਿਵਾਰ ਨਾਲ ਵੀ ਬਦਸਲੂਕੀ ਕੀਤੀ। ਇਸ ਮੌਕੇ ਪੀਐਸਐਮਐਸਯੂ ਦੇ ਜਿਲ੍ਹਾ ਪ੍ਰਧਾਨ ਖੁਸ਼ਕਰਨ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਸੂਬਾ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਅਲੋਚਨਾ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਡੀਸੀ ਦਫ਼ਤਰ ਕਮਰਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੂੰ ਗੈਰ ਮਨੁੱਖੀ ਢੰਗ ਨਾਲ ਗਿਰਫ਼ਤਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੁਮਾਰ ਪੀਏ, ਰਾਕੇਸ਼ ਕੁਮਾਰ ਸੁਪਰਡੰਟ, ਰਜਿੰਦਰ ਕੁਮਾਰ ਸੁਪਰਡੰਟ, ਗੁਰਮੀਤ ਪਾਲ, ਰੁਪਿੰਦਰ ਬਾਠ, ਰਾਜਪਾਲ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਸਤੀਸ਼ ਕੁਮਾਰ, ਸੀਪੀਐਫ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਦੀਪਕ ਕੁਮਾਰ, ਰਾਜੇਸ਼ ਕੁਮਾਰ, ਸੁਖਮਿੰਦਰ ਸਿੰਘ, ਸੁਖਪਾਲ ਕੌਰ, ਕਮਲਜੀਤ ਕੌਰ, ਅਮੀਸ਼ਾ ਆਦਿ ਵੱਡੀ ਗਿਣਤੀ ’ਚ ਕਰਮਚਾਰੀ ਮੌਜੂਦ ਸਨ।