ਮਨੋਰੰਜਨ ਮੇਲੇ ’ਚ ਲੱਗੀ ਲੋਕਾਂ ਦੀ ਭੀੜ, ਦੁਕਾਨਦਾਰਾਂ ਦੇ ਵਾਰੇ ਨਿਆਰੇ
ਮਨੋਰੰਜਨ ਮੇਲੇ ’ਚ ਲੱਗੀ ਲੋਕਾਂ ਦੀ ਭੀੜ, ਦੁਕਾਨਦਾਰਾਂ ਦੇ ਵਾਰੇ ਨਿਆਰੇ
Publish Date: Fri, 16 Jan 2026 03:38 PM (IST)
Updated Date: Fri, 16 Jan 2026 03:39 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮਾਘੀ ਮੇਲੇ ’ਤੇ ਸ਼ਹਿਰ ਦੇ ਮਲੋਟ ਰੋਡ ਤੇ ਲੱਗੇ ਮਨੋਰੰਜਨ ਮੇਲੇ ’ਚ ਸ਼ੁੱਕਰਵਾਰ ਨੂੰ ਵੀ ਲੋਕਾਂ ਦੀ ਬਹੁਤ ਭੀੜ ਸੀ। ਸਵੇਰ ਠੰਢ ਸੀ ਪਰ 11 ਵਜੇ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆਉਣੇ ਸ਼ੁਰੂ ਹੋ ਗਏ। ਬੱਚਿਆਂ ਅਤੇ ਵੱਡਿਆਂ ਨੇ ਵੱਖ-ਵੱਖ ਝੂਲਿਆਂ ਅਤੇ ਹੋਰ ਚੀਜ਼ਾਂ ਦਾ ਖੂਬ ਆਨੰਦ ਮਾਣਿਆ। ਮੇਲੇ ’ਚ ਵੱਖ-ਵੱਖ ਖਾਣ-ਪੀਣ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਮਲੋਟ ਰੋਡ ਦੇ ਦੋਵੇਂ ਪਾਸੇ ਲਾਈਨਾਂ ਵਿੱਚ ਵੱਖ-ਵੱਖ ਸਮਾਨ ਵੇਚਣ ਵਾਲੀਆਂ ਦੁਕਾਨਾਂ ਸਨ, ਜਿੱਥੇ ਲੋਕ ਖਰੀਦਦਾਰੀ ਕਰ ਰਹੇ ਸਨ। ਮਾਘੀ ਮੇਲੇ ’ਚ ਆਮ ਤੌਰ ਤੇ ਵੇਚੀ ਜਾਣ ਵਾਲੀ ਮਸ਼ਹੂਰ ਮਿੱਠੀ ਪਕਵਾਨ, ਖਜਲਾ ਦੀ ਵੀ ਚੰਗੀ ਵਿਕਰੀ ਹੋ ਰਹੀ ਸੀ। ਕੱਪੜਿਆਂ ਦੀਆਂ ਦੁਕਾਨਾਂ ਵੀ ਵੱਡੀ ਗਿਣਤੀ ’ਚ ਲੋਕ ਖਰੀਦਦਾਰੀ ਕਰ ਰਹੇ ਸਨ ਅਤੇ ਭਾਂਡਿਆਂ ਦੀਆਂ ਦੁਕਾਨਾਂ ਦੇ ਸਾਹਮਣੇ ਔਰਤਾਂ ਦੀ ਵੱਡੀ ਭੀੜ ਦੇਖੀ ਗਈ। ਇਸਤੋਂ ਇਲਾਵਾ ਲੱਕੜ ਦੀਆਂ ਡਾਗਾਂ ਵੇਚਣ ਵਾਲੀਆਂ ਦੁਕਾਨਾਂ ਤੋਂ ਅਤੇ ਹੋਰ ਵੀ ਲੱਕੜ ਦੀਆਂ ਚੀਜ਼ਾਂ ਦੀ ਕਾਫ਼ੀ ਮਾਤਰਾ ’ਚ ਖਰੀਦਦਾਰੀ ਹੋ ਰਹੀ ਸੀ। ਆਉਣ ਵਾਲੇ ਦਿਨਾਂ ’ਚ ਇਸ ਮੇਲੇ ’ਚ ਲਗਾਤਾਰ ਭੀੜ ਬਣੀ ਰਹੇਗੀ। ਮੁਲਕ ਭਰ ਤੋਂ ਦੁਕਾਨਦਾਰ ਪੁੱਜੇ ਮੇਲਾ ਮਾਘੀ ਦਾ ਬਜ਼ਾਰ ਜੋ ਮਲੋਟ ਰੋਡ ਉਪਰ ਲੱਗਦਾ ਹੈ ਵਿੱਚ ਮੁਲਕ ਭਰ ਤੋਂ ਦੁਕਾਨਦਾਰ ਪੁੱਜੇ ਹਨ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਆਏ ਬ੍ਰਿਜੇਸ਼ ਸਿੰਘ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਇਸ ਮੇਲੇ ’ਤੇ ਆ ਰਿਹਾ ਹੈ। ਮੇਲਾ ਮਾਘੀ ’ਚ ਪਹਿਲਾਂ ਵਾਲੀ ਰੌਣਕ ਤਾਂ ਨਹੀਂ ਰਹੀ ਪਰ ਫਿਰ ਵੀ ਹੋਰ ਮੇਲਿਆਂ ਦੇ ਮੁਕਾਬਲੇ ਵਧੀਆ ਹੈ। ਉਹ ਖਜਲੇ ਦੀ ਦੁਕਾਨ ਲੈ ਕੇ ਆਏ ਹਨ। ਖਜਲਾ ਮਠਿਆਈ ਸਿਰਫ ਮੇਲਿਆਂ ’ਤੇ ਹੀ ਬਣਦੀ ਹੈ। ਇਹ ਮਿੱਠੀ ਤੇ ਨਮਕੀਨ ਹੁੰਦੀ ਹੈ। ਇਕ ਪੀਸ ਜਿਸਨੂੰ ਮਲਵਈ ਭਾਸ਼ਾ ’ਚ ‘ਪਾਥੀ’ ਕਿਹਾ ਜਾਂਦਾ ਹੈ 60 ਰੁਪਏ ਦੀ ਹੈ। ਇਸੇੇ ਤਰ੍ਹਾਂ ਗਾਜੀਆਬਾਦ ਤੋਂ ਆਇਆ ਮੁਨੀਸ਼ ਲੱਕੜ ਦੇ ਛੱਲੇ ਵੇਚਦਾ ਹੈ। ਛੱਲੇ ਉਪਰ ਲੱਕੜ ਦੇ ਅੱਖਰਾਂ ਨਾਲ ਨਾਮ ਲਿਖ ਦਿੰਦਾ ਹੈ। ਬਰੇਲੀ ਤੋਂ ਆਇਆ ਜੋੜਾ ਔਰਤਾਂ ਦੇ ਗਹਿਣੇ ਵੇਚਦਾ ਹੈ। ਉਸਦੀ ਦੁਕਾਨ ’ਤੇ ਬੋਰਡ ਲੱਗਿਆ ਹੈ ‘ਹਰ ਮਾਲ 20 ਰੁਪਏ ਬਾਰਦਾਨਾ ਛੋੜ ਕਰ’। ਇਸੇ ਤਰ੍ਹਾਂ ਪਲਾਸਟਿਕ, ਕੱਚ ਤੇ ਚੀਨੀ ਦੇ ਭਾਂਡਿਆਂ, ਗਰਮ ਕੱਪੜਿਆਂ, ਬੱਚਿਆਂ ਦੇ ਖਿਡੋਣਿਆਂ, ਲੱਕੜ ਦੇ ਸਮਾਨ, ਰਸੋਈ ਦੇ ਸਮਾਨ ਅਤੇ ਤਸਵੀਰਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਅਜੇ ਤੱਕ ਠੰਡ ਕਰਕੇ ਕੰਮ ਘੱਟ ਹੈ। ਇਹ ਬਜ਼ਾਰ ਜਨਵਰੀ ਦਾ ਸਾਰਾ ਮਹੀਨਾ ਲੱਗਦਾ ਹੈ ਅਤੇ ਕੁੱਝ ਪੱਕੀਆਂ ਦੁਕਾਨਾਂ ਤਾਂ ਫਰਵਰੀ ਤੱਕ ਰਹਿੰਦੀਆਂ ਹਨ। ਮੇਲੇ ’ਚ ਘੁੰਮ ਰਹੇ ਲੋਕਾਂ ਨੇ ਦੱਸਿਆ ਕਿ ਮੇਲਿਆਂ ਵਿੱਚ ਆਈਆਂ ਦੁਕਾਨਾਂ ਤੋਂ ਬਹੁਤ ਵੰਨਗੀਆਂ ਦਾ ਸਮਾਨ ਮਿਲਦਾ ਹੈ ਤੇ ਸਸਤਾ ਵੀ ਬਹੁਤ ਹੁੰਦਾ ਹੈ ਪਰ ਹੰਢਣਸਾਰ ਘੱਟ ਹੋਣ ਕਰਕੇ ਮਹਿੰਗੀਆਂ ਚੀਜਾਂ ਨਹੀਂ ਖਰੀਦਣੀਆਂ ਚਾਹੀਦੀਆਂ। ਠੰਢ ਦੇ ਬਾਵਜੂਦ ਸ਼ਰਧਾਲੂਆਂ ਦੀ ਭੀੜ ਓਧਰ ਠੰਢ ਦੇ ਬਾਵਜੂਦ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਂਦੇ ਰਹੇ। ਇਸ ਮੇਲੇ ’ਚ ਵੱਖ-ਵੱਖ ਪਿੰਡਾਂ ਦੇ ਲੋਕ ਅਜੇ ਵੀ ਸੇਵਾ ਦੀ ਭਾਵਨਾ ਨਾਲ ਲੋਕਾਂ ਨੂੰ ਲੰਗਰ ਵਰਤਾ ਰਹੇ ਹਨ। ਵੱਖ-ਵੱਖ ਥਾਵਾਂ ਤੇ ਲੋਕਾਂ ਲਈ ਲੰਗਰ ਲਗਾਏ ਗਏ ਹਨ । ਮਾਘੀ ਮੇਲੇ ਲਈ ਸੰਗਤਾਂ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ’ਚ ਦਰਸ਼ਨਾਂ ਲਈ ਪਹੁੰਚ ਰਹੀਆਂ ਹਨ। ਦੂਜੇ ਪਾਸੇ ਲੋਕ ਵੱਡੀ ਗਿਣਤੀ ’ਚ ਸ਼ਹਿਰ ਦੇ ਘੋੜਾ ਮੰਡੀ ’ਚ ਪਹੁੰਚ ਰਹੇ ਹਨ ਅਤੇ ਵੱਖ-ਵੱਖ ਕਿਸਮਾਂ ਦੇ ਜਾਨਵਰ ਖਰੀਦ ਰਹੇ ਹਨ।