ਈਰਾਨ-ਇਜ਼ਰਾਈਲ ਜੰਗ ਦਾ ਖ਼ੌਫ਼: ਪੈਟਰੋਲ ਪੰਪਾਂ ’ਤੇ ਉਮੜਿਆ ਲੋਕਾਂ ਦਾ ਸੈਲਾਬ; ਤੇਲ ਖ਼ਤਮ ਹੋਣ ਦੇ ਡਰੋਂ ਲੱਗੀਆਂ ਲੰਬੀਆਂ ਕਤਾਰਾਂ
ਈਰਾਨ ਤੇ ਇਜ਼ਰਾਈਲ ਵਿਚਕਾਰ ਲੱਗੀ ਜੰਗ ਦੌਰਾਨ ਤੇਲ ਸੰਕਟ ਦੀਆਂ ਕਨਸੋਆਂ ਕਾਰਣ ਲੋਕ ਡੀਜ਼ਲ ਜਮ੍ਹਾਂ ਕਰਨ ਲੱਗ ਗਏ ਹਨ। ਪੈਟਰੋਲ ਪੰਪਾਂ ’ਤੇ ਵਾਹਨਾਂ ਅਤੇ ਡਰੰਮਾਂ ਨਾਲ ਭਰੇ ਟਰੈਕਟਰ-ਟਰਾਲੀਆਂ ਦੀਆਂ ਭੀੜਾਂ ਲੱਗਣ ਲੱਗ ਪਈਆਂ ਹਨ।
Publish Date: Fri, 06 Mar 2026 02:01 PM (IST)
Updated Date: Fri, 06 Mar 2026 02:04 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਈਰਾਨ ਤੇ ਇਜ਼ਰਾਈਲ ਵਿਚਕਾਰ ਲੱਗੀ ਜੰਗ ਦੌਰਾਨ ਤੇਲ ਸੰਕਟ ਦੀਆਂ ਕਨਸੋਆਂ ਕਾਰਣ ਲੋਕ ਡੀਜ਼ਲ ਜਮ੍ਹਾਂ ਕਰਨ ਲੱਗ ਗਏ ਹਨ। ਪੈਟਰੋਲ ਪੰਪਾਂ ’ਤੇ ਵਾਹਨਾਂ ਅਤੇ ਡਰੰਮਾਂ ਨਾਲ ਭਰੇ ਟਰੈਕਟਰ-ਟਰਾਲੀਆਂ ਦੀਆਂ ਭੀੜਾਂ ਲੱਗਣ ਲੱਗ ਪਈਆਂ ਹਨ। ਇਕ ਕਿਸਾਨ ਜਗਬੀਰ ਸਿੰਘ ਨੇ ਦੱਸਿਆ ਕਿ ਉਸਦੀ 40 ਕਿਲੇ ਕਣਕ ਹੈ ਜਿਸਦੀ ਵਾਢੀ ਵਾਸਤੇ ਡੀਜ਼ਲ ਦੀ ਲੋੜ ਪੈਣੀ ਹੈ। ਜੇਕਰ ਜੰਗ ਕਾਰਣ ਡੀਜ਼ਲ ਨਾ ਮਿਲਿਆ ਤਾਂ ਉਸਦੀ ਕਣਕ ਵੱਢਣ ਤੋਂ ਰਹਿ ਜਾਵੇਗੀ। ਇਸ ਲਈ ਉਹ 10 ਡਰੰਮ ਡੀਜ਼ਲ ਦੇ ਲੈਣ ਵਾਸਤੇ ਆਇਆ ਹੈ।
ਇਸ ਤਰ੍ਹਾਂ ਹੋਰ ਵੀ ਕਿਸਾਨ ਆਪਣੀ ਫ਼ਸਲ ਨੂੰ ਲੈ ਕੇ ਤੇਲ ਲੈਣ ਪਹੁੰਚੇ ਹੋਏ ਸਨ। ਟਰੱਕਾਂ, ਸਕੂਲ ਬੱਸਾਂ ਤੇ ਹੋਰ ਵਾਹਨਾਂ ਵਾਲਿਆਂ ਨੇ ਵੀ ਆਪਣੀਆਂ ਗੱਡੀਆਂ ਦੀ ਟੈਂਕੀਆਂ ਫੁੱਲ ਕਰਵਾ ਕੇ ਸਮਰੱਥਾ ਅਨੁਸਾਰ ਡੀਜ਼ਲ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂ ਕਿ ਇਸ ਦੌਰਾਨ ਤਨੇਜਾ ਪੈਟਰੋਡ ਪੰਪ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪੰਪਾਂ ਕੋਲ ਤੇਲ ਦਾ ਪੂਰਾ ਸਟਾਕ ਤੇ ਪਿੱਛੋਂ ਵੀ ਕੋਈ ਕਟੌਤੀ ਨਹੀਂ। ਉਨ੍ਹਾਂ ਲੋਕਾਂ ਨੂੰ ਬਿਨ੍ਹਾਂ ਜ਼ਰੂਰਤ ਦੇ ਡੀਜ਼ਲ ਜਮ੍ਹਾਂ ਨਾ ਕਰਨ ਦੀ ਅਪੀਲ ਕੀਤੀ ਹੈ।