ਖੇਡਾਂ ਤੰਦਰੁਸਤੀ ਦੇ ਨਾਲ-ਨਾਲ ਤੇ ਅਨੁਸ਼ਾਸਨ ਵੀ ਸਿਖਾਉਂਦੀਆਂ : ਗੰਧੜ
ਪਿੰਡ ਮਹਾਂਬੱਧਰ ਵਿਖੇ ਕੈਪਟਨ ਗੁਰਬਚਨ ਸਿੰਘ ਬਰਾੜ ਦੀ ਯਾਦ ’ਚ ਕ੍ਰਿਕਟ ਟੂਰਨਾਮੈਂਟ ਕਰਵਾਇਆ
Publish Date: Fri, 13 Feb 2026 05:29 PM (IST)
Updated Date: Fri, 13 Feb 2026 05:33 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਿੰਡ ਮਹਾਂਬੱਧਰ ਵਿਖੇ ਕੈਪਟਨ ਗੁਰਬਚਨ ਸਿੰਘ ਬਰਾੜ ਦੀ ਪਵਿੱਤਰ ਯਾਦ ’ਚ 5 ਫਰਵਰੀ ਤੋਂ 15 ਫਰਵਰੀ ਤੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਯਾਦਗਾਰੀ ਟੂਰਨਾਮੈਂਟ ਦਾ ਇਹ ਦੂਜਾ ਸੰਸਕਰਣ ਸੀ, ਜਿਸ ਵਿੱਚ ਕੁੱਲ 40 ਟੀਮਾਂ ਨੇ ਭਾਗ ਲਿਆ। ਇਸ ਮੌਕੇ ਕੈਪਟਨ ਸਾਹਿਬ ਦੇ ਸਪੁੱਤਰ ਵੱਲੋਂ ਆਰਮੀ ਵੈਟਰਨਜ਼ ਵੈਲਫੇਅਰ ਯੂਨੀਅਨ ਨੂੰ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਗਿਆ। ਟੂਰਨਾਮੈਂਟ ਦੌਰਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ, ਵਾਈਸ ਪ੍ਰਧਾਨ ਹੌਲਦਾਰ ਹਰਦਿਆਲ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਹੌਲਦਾਰ ਮੇਜਰ ਸਿੰਘ ਅਤੇ ਵਾਈਸ ਪ੍ਰਧਾਨ ਸੁਰਿੰਦਰ ਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਅੱਜ ਦੇ ਮੈਚ ’ਚ ਪਿੰਡ ਆਸਾ ਬੁੱਟਰ ਅਤੇ ਪਿੰਡ ਮਹਾਂਬੱਧਰ ਦੀਆਂ ਟੀਮਾਂ ਵਿਚਕਾਰ ਰੋਮਾਂਚਕ ਮੁਕਾਬਲਾ ਹੋਇਆ। ਦੋਵਾਂ ਟੀਮਾਂ ਦੀ ਖੇਡ ਦੇਖ ਕੇ ਦਰਸ਼ਕ ਬਹੁਤ ਪ੍ਰਸੰਨ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਰਾਹੀਂ ਨੌਜਵਾਨਾਂ ਨੂੰ ਤੰਦਰੁਸਤੀ ਅਤੇ ਅਨੁਸ਼ਾਸਨ ਮਿਲਦਾ ਹੈ। ਉਨ੍ਹਾਂ ਨੇ ਡਾ. ਐਸਪੀ ਬਰਾੜ ਸਾਹਿਬ ਦੇ ਪਰਿਵਾਰ ਅਤੇ ਪਿੰਡ ਦੇ ਨੌਜਵਾਨਾਂ ਦਾ ਇਸ ਸ਼ਾਨਦਾਰ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਸਿੱਖ ਨੌਜਵਾਨਾਂ ਨੂੰ ਵੱਧ ਤੋਂ ਵੱਧ ਭਾਰਤੀ ਫੌਜ ’ਚ ਭਰਤੀ ਹੋਣਾ ਚਾਹੀਦਾ ਹੈ, ਕਿਉਂਕਿ ਅੱਜਕੱਲ੍ਹ ਸਿੱਖ ਰੈਜੀਮੈਂਟਾਂ ਵਿੱਚ ਭਰਤੀ ਦੀ ਸੰਖਿਆ ਘਟ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਨੌਜਵਾਨ ਅਫਸਰ ਦਰਜੇ ‘ਤੇ ਭਰਤੀ ਹੋ ਕੇ ਦੇਸ਼ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਣ। ਜ਼ਿਲ੍ਹਾ ਪ੍ਰਧਾਨ ਨੇ ਭਰੋਸਾ ਦਿੱਤਾ ਕਿ ਜੋ ਵੀ ਨੌਜਵਾਨ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਯੂਨੀਅਨ ਵੱਲੋਂ ਉਨ੍ਹਾਂ ਨੂੰ ਯੋਗ ਮਾਰਗਦਰਸ਼ਨ ਅਤੇ ਪੂਰਾ ਸਹਿਯੋਗ ਦਿੱਤਾ ਜਾਵੇਗਾ। ਡਾ. ਐਸਪੀ ਬਰਾੜ ਸਾਹਿਬ ਨੇ ਕਿਹਾ ਕਿ ਉਹ ਹਰ ਸਾਲ ਆਪਣੇ ਮਾਤਾ-ਪਿਤਾ ਦੀ ਯਾਦ ’ਚ ਪਿੰਡ ਮਹਾਵਤ ਵਿੱਚ ਇਹ ਟੂਰਨਾਮੈਂਟ ਕਰਵਾਉਂਦੇ ਹਨ। ਇਸ ਟੂਰਨਾਮੈਂਟ ਨੂੰ ਐਨ ਆਰ ਆਈ ਸਹਿਯੋਗ ਅਤੇ ਪਿੰਡ ਦੇ ਨੌਜਵਾਨ ਕ੍ਰਿਕਟ ਕਲੱਬ ਦੇ ਪ੍ਰਧਾਨ ਲਵਪ੍ਰੀਤ ਸਿੰਘ, ਸਕੱਤਰ ਬਲਕਰਨ ਸਿੰਘ ਅਤੇ ਖਜ਼ਾਨਚੀ ਗਗਨਦੀਪ ਸਿੰਘ ਦੇ ਵਿਸ਼ੇਸ਼ ਯੋਗਦਾਨ ਨਾਲ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਅੰਤ ਵਿੱਚ ਸਭ ਹਾਜ਼ਰੀਨਾਂ ਨੇ ਕੈਪਟਨ ਗੁਰਬਚਨ ਸਿੰਘ ਬਰਾੜ ਦੀ ਯਾਦ ਨੂੰ ਨਮਨ ਕਰਦਿਆਂ ਟੂਰਨਾਮੈਂਟ ਦੀ ਕਾਮਯਾਬੀ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ।