ਟਰਾਂਸਫਾਰਮਰਾਂ ’ਚੋਂ ਤਾਂਬਾ ਚੋਰੀ
ਖੇਤਾਂ ’ਚ ਲੱਗੇ ਟਰਾਂਸਫਾਰਮਰਾਂ ਤੋਂ ਤਾਂਬਾ ਚੋਰੀ, ਕਿਸਾਨ ਪ੍ਰੇਸ਼ਾਨ
Publish Date: Sun, 19 Apr 2026 03:42 PM (IST)
Updated Date: Sun, 19 Apr 2026 03:45 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਦੋਦਾ-ਇਲਾਕੇ ’ਚ ਵਧ ਰਹੀਆਂ ਚੋਰੀਆਂ ਦੀਆਂ ਵਾਰਦਾਤਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਪਿੰਡ ਗੁਰੂਸਰ ਦੇ ਕਿਸਾਨਾਂ ਸੁਖਜਿੰਦਰ ਸਿੰਘ, ਖਿੰਦਾ ਸਿੰਘ ਔਲਖ, ਬਿੰਦਰ ਸਿੰਘ, ਚਰਨਜੀਤ ਸਿੰਘ ਔਲਖ ਅਤੇ ਸਤਨਾਮ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ’ਚ ਲੱਗੇ ਟਰਾਂਸਫਾਰਮਰਾਂ ਵਿੱਚੋਂ ਅਣਪਛਾਤੇ ਚੋਰਾਂ ਵੱਲੋਂ ਤਾਂਬਾ ਚੋਰੀ ਕਰ ਲਿਆ ਗਿਆ। ਕਿਸਾਨਾਂ ਮੁਤਾਬਕ ਜਦ ਉਹ ਸਵੇਰੇ ਖੇਤਾਂ ’ਚ ਪਹੁੰਚੇ ਤਾਂ ਟਰਾਂਸਫਾਰਮਰ ਖੁੱਲ੍ਹੇ ਹੋਏ ਮਿਲੇ ਅਤੇ ਪੰਜ ਟਰਾਂਸਫਾਰਮਰਾਂ ਅੰਦਰੋਂ ਤਾਂਬਾ ਗਾਇਬ ਸੀ, ਜਿਸ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਚੋਰ ਬੇਖੌਫ ਹੋ ਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਕਿਸਾਨਾਂ ਲਈ 24 ਘੰਟੇ ਖੇਤਾਂ ’ਚ ਰਹਿ ਕੇ ਨਿਗਰਾਨੀ ਕਰਨਾ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਦੇ ਅੰਦਰ ਹੀ ਦੁਬਾਰਾ ਇਸ ਤਰ੍ਹਾਂ ਦੀ ਚੋਰੀ ਦੀ ਘਟਨਾ ਵਾਪਰੀ ਹੈ, ਜਿਸ ਨਾਲ ਲੋਕਾਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਸਬੰਧੀ ਗਿੱਦੜਬਾਹਾ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ’ਚ ਰਾਤਰੀ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਵਾਰਦਾਤਾਂ ‘ਤੇ ਰੋਕ ਲੱਗ ਸਕੇ।